ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਨਵੰਬਰ
ਕਰੋਨਾ ਦੇ ਪ੍ਰ੍ਰਕੋਪ ਨੇ ਭਾਵੇਂ ਹਰੇਕ ਵਰਗ ਨੂੰ ਪ੍ਰਭਾਵਿਤ ਕੀਤਾ ਹੈ ਬਾਵਜੂਦ ਇਸ ਦੇ ਪੰੰਜਾਬੀ ਆਪਣੇ ਰਵਾਇਤੀ ਤਿਉਹਾਰ ਮਨਾਉਣ ਤੋਂ ਪਿੱਛੇ ਨਹੀਂ ਹਟਦੇ। ਕਰੋਨਾ ਕਾਰਨ ਲੋਕਾਂ ਦੀ ਵਿੱਤੀ ਹਾਲਤ ਵਿਗੜੀ ਹੋਈ ਹੈ ਅਤੇ ਉਪਰੋਂ ਅੰੰਤਾਂ ਦੀ ਮਹਿੰਗਾਈ ਨੇ ਵੀ ਦੀਵਾਲਾ ਕੱਢ ਰੱਖਿਆ ਹੈ।
ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਧਰਨਿਆਂ ਕਾਰਨ ਪਿੰਡਾਂ ’ਚ ਜ਼ਰੂਰ ਐਤਕੀਂ ਪਟਾਕੇ ਚਲਾਉਣ ਦਾ ਰੁਝਾਨ ਕੁਝ ਘਟਿਆ ਹੈ ਪਰ ਸ਼ਹਿਰਾਂ ’ਚ ਤਾਂ ਸਰਕਾਰ ਵੱਲੋਂ ਰਾਤੀ ਦਸ ਵਜੇ ਤੋਂ ਬਾਅਦ ਪਟਾਕੇ ਚਲਾਉਣ ਦੀ ਮਨਾਹੀ ਦੇ ਬਾਵਜੂਦ ਦੇਰ ਰਾਤ ਤੱਕ ਪਟਾਕੇ ਅਤੇ ਅਤਿਸ਼ਬਾਜ਼ੀ ਚੱਲਦੀ ਰਹੀ ਜਿਸ ਦਾ ਅਸਰ ਅੱਜ ਦੂਜੇ ਦਿਨ ਤੱਕ ਵੀ ਰਿਹਾ। ਪਟਾਕਿਆਂ ਕਾਰਨ ਪੈਦਾ ਹੋਏ ਪ੍ਰਦੂਸ਼ਣ ਕਾਰਨ ਵਿਗੜੀ ਹਵਾ ਦੀ ਗੁਣਵੱਤਾ ਨੇ ਪੰਜਾਬ ਵਾਸੀਆਂ ਲਈ ਸਾਹ ਲੈਣਾ ਵੀ ਔਖਾ ਕੀਤਾ ਹੋਇਆ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਏਅਰ ਕੁਆਲਿਟੀ ਇੰਡੈਕਸ ’ਚ ਪਿਛਲੇ ਸਾਲ ਮੁਕਾਬਲੇ ਐਤਕੀਂ ਪ੍ਰਦੂਸ਼ਣ ’ਚ 18 ਫੀਸਦੀ ਦੀ ਕਮੀ ਆਉਣ ਨਾਲ ਆਪਣੀ ਪਿੱਠ ਥਾਪੜ ਰਿਹਾ ਹੈ ਪਰ ਸਿਹਤ ਵਿਭਾਗ ਮੁਤਾਬਿਕ ਤਾਜ਼ਾ ਹਾਲਤ ਵੀ ਮਨੁੱਖਾਂ ਲਈ ਘਾਤਕ ਹਨ। ਸਿਹਤ ਵਿਭਾਗ ਨੇ ਖਾਸ ਕਰਕੇ ਸਾਹ ਦੀ ਬਿਮਾਰੀ ਦੇ ਪੀੜਤਾਂ ਅਤੇ ਬੱਚਿਆਂ ਲਈ ਇਹ ਹਵਾ ਪ੍ਰਦੂਸ਼ਣ ਵਧੇਰੇ ਘਾਤਕ ਕਰਾਰ ਦਿੱਤਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਰਾਜ ਭਰ ’ਚ ਹੀ ਹਰ ਤਰ੍ਹਾਂ ਦੇ ਛੋਟੇ ਵੱਡੇ ਪਟਾਕੇ ਵਿਕਦੇ ਅਤੇ ਚੱਲਦੇ ਰਹੇ। ਫੇਰ ਬਹੁਤੀਆਂ ਥਾਵਾਂ ’ਤੇ ਅੱਧੀ ਰਾਤ ਤੋਂ ਬਾਅਦ ਤੱਕ ਵੀ ਪਟਾਕੇ ਅਤੇ ਆਤਿਸ਼ਬਾਜ਼ੀ ਹੁੰਦੀ ਰਹੀ।
ਸਿਹਤ ਵਿਭਾਗ ਦੀ ਤਰਫੋਂ ਇਸ ਸਮੁੱਚੀ ਪ੍ਰਕਿਆ ਦੇ ਨੋਡਲ ਅਫਸਰ ਡਾ. ਸਮਿਤ ਸਿੰਘ ਨੇ ਵਿਗੜੇ ਵਾਤਾਵਰਨ ਨੂੰ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਹਵਾ ਵਿਚਲਾ ਇਹ ਪ੍ਰਦੂਸ਼ਣ ਕਈ ਪੱਖਾਂ ਤੋਂ ਲੋਕਾਂ ਲਈ ਨੁਕਸਾਨਦਾਇਕ ਹੈ। ਇੱਥੋਂ ਤੱਕ ਕਿ ਇਹ ਮਾਹੌਲ ਪਸ਼ੂਆਂ ਲਈ ਵੀ ਨੁਕਸਾਨਦੇਹ ਹੈ। ਉੱਧਰ ਛਾਤੀ ਰੋਗਾਂ ਦੇ ਮਾਹਿਰ ਅਤੇ ਤ੍ਰਿਪੜੀ ਦੇ ਐੱਸਐੱਮਓ ਡਾ. ਵਿਕਾਸ ਗੋਇਲ ਦਾ ਕਹਿਣਾ ਸੀ ਕਿ ਪਟਾਕਿਆਂ ਕਾਰਨ ਗੰਧਲੀ ਹੋਈ ਹਵਾ ਤੋਂ ਖਾਸ ਕਰਕੇ ਸਾਹ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਬਚ ਕੇ ਰਹਿਣ ਦੀ ਲੋੜ ਹੈ।
ਪਟਿਆਲਾ ’ਚ ਹਵਾ ਰਹੀ ਸਭ ਤੋਂ ਵੱਧ ਖਰਾਬ
ਅੱਜ ਰਾਤੀ ਕਰੀਬ ਦਸ ਵਜੇ ਦੇ ਅੰਕੜਿਆਂ ਮੁਤਾਬਿਕ ਸਭ ਤੋਂ ਵੱਧ ਪਟਿਆਲਾ ਦੀ ਹਵਾ ਗੁਣਵੱਤਾ ਖਰਾਬ ਰਹੀ। ਪ੍ਰਾਪਤ ਅੰਕੜਿਆਂ ਮੁਤਾਬਿਕ ਪਟਿਆਲਾ ’ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 306 ਸੀ ਜਦਕਿ 302 ਏਕਿਊਆਈ ਨਾਲ ਲੁਧਿਆਣਾ ਦੂਜੇ ਤੇ 300 ਅੰਕ ਨਾਲ ਜਲੰਧਰ ਤੀਜੇ ਨੰਬਰ ’ਤੇ ਸੀ। ਅੰਮ੍ਰਿਤਸਰ ’ਚ ਇਸ ਪੱਖ ਤੋਂ ਕਾਫੀ ਸੁਧਾਰ ਰਿਹਾ ਤੇ ਏਕਿਊਆਈ ਇੱਥੇ 260 ਸੀ। ਮੰਡੀ ਗੋਬਿੰਦਗੜ੍ਹ ’ਚ 296 ਅਤੇ ਖੰਨਾ ’ਚ 283 ਏਕਿਊਆਈ ਰਿਹਾ। ‘ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ’ ਦੇ ਪਟਿਆਲਾ ’ਚ ਸਥਿਤ ਮੁੱਖ ਦਫਤਰ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਐਤਕੀ ਪੰਜਾਬ ਭਰ ਏਅਰ ਕੁਆਲਿਟੀ ਇੰਡੈਕਸ ਪਿਛਲੇ ਸਾਲ ਤੋਂ 18.3 ਫੀਸਦੀ ਘੱਟ ਰਿਹਾ। ਪਿਛਲੇ ਸਾਲ ਦੀ ਦੀਵਾਲੀ ਮੌਕੇ ਏਕਿਊਆਈ 328 ਸੀ ਪਰ ਇਸ ਵਾਰ ਇਹ ਅੰੰਕੜਾ 268 ਰਿਹਾ।