ਸਤਵਿੰਦਰ ਬਸਰਾ
ਲੁਧਿਆਣਾ, 3 ਅਕਤੂਬਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਮਗਰੋਂ ਅੱਜ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਪੁਲੀਸ ਪ੍ਰਸ਼ਾਸਨ ਨੇ 40 ਗੈਰਕਾਨੂੰਨੀ ਟੂਰਿਸਟ ਬੱਸਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ। ਲੁਧਿਆਣਾ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਟਰਾਂਸਪੋਰਟ ਮਾਫੀਆ ਨੂੰ ਪੂਰੀ ਤਰ੍ਹਾਂ ਨਕੇਲ ਪਾਈ ਜਾਵੇਗੀ।
ਨਾਜਾਇਜ਼ ਪਰਮਿਟ ਅਤੇ ਟੈਕਸ ਨਾ ਦੇਣ ਵਾਲੀਆਂ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇੱਕ ਵ੍ਹੱਟਸਐਪ ਨੰਬਰ ਜਾਰੀ ਕਰਨਗੇ, ਜਿਸ ’ਤੇ ਲੋਕ, ਟਰਾਂਸਪੋਰਟਰ ਅਤੇ ਮੁਲਾਜ਼ਮ ਆਪਣੀਆਂ ਮੁਸ਼ਕਲਾਂ ਦੱਸ ਸਕਦੇ ਹਨ। ਉਨ੍ਹਾਂ ਮੰਨਿਆ ਕਿ ਲੁਧਿਆਣਾ ਦੇ ਬੱਸ ਅੱਡੇ ਦੇ ਨੇੜਲੇ ਇਲਾਕੇ ਵਿੱਚ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਸਬੰਧੀ ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਉਨ੍ਹਾਂ ਲੁਧਿਆਣਾ ਦੇ ਬੱਸ ਅੱਡੇ ’ਤੇ ਖੁਦ ਕੂੜਾ ਚੁੱਕ ਕੇ ਲੋਕਾਂ ਨੂੰ ਸਫਾਈ ਰੱਖਣ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਆਰਟੀਏ ਨਰਿੰਦਰਪਾਲ ਸਿੰਘ ਧਾਲੀਵਾਲ, ਅਮਰਜੀਤ ਸਿੰਘ ਬਿੱਟਾ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
‘ਜੇ ਕੈਪਟਨ ਨੇ ਹੋਰ ਪਾਰਟੀ ਬਣਾਈ ਤਾਂ ਲੋਕ ਮੁਆਫ ਨਹੀਂ ਕਰਨਗੇ’
ਕੈਪਟਨ ਅਮਰਿੰਦਰ ਸਿੰਘ ਵੱਲੋਂ ਹੋਰ ਪਾਰਟੀ ਬਣਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਜਿਹਾ ਨਹੀਂ ਕਰਨਗੇ ਪਰ ਜੇ ਉਹ ਅਜਿਹਾ ਕਰਦੇ ਹਨ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਟਵੀਟ ਕਰ ਕੇ ਸੁਨੇਹਾ ਦੇ ਦਿੱਤਾ ਹੈ ਕਿ ਉਹ ਕਾਂਗਰਸ ਦੇ ਨਾਲ ਹਨ।
ਟਾਂਰਸਪੋਰਟ ਵਿਭਾਗ ਦੇ ਅਧਿਕਾਰੀ ਖ਼ੁਦ ਦੇ ਰਹੇ ਨੇ ਪਹਿਰਾ
ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਵਿੱਚ ਇੱਕ ਪਰਮਿਟ ’ਤੇ ਚੱਲਦੀਆਂ ਚਾਰ-ਚਾਰ ਬੱਸਾਂ ਨੂੰ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰੇਕਾਂ ਲਵਾ ਦਿੱਤੀਆਂ ਹਨ। ਨਵੇਂ ਬਣੇ ਟਰਾਂਸਪੋਰਟ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ਼ ਬੱਸਾਂ ਰੋਕਣ ਦੇ ਦਿੱਤੇ ਹੁਕਮਾਂ ਦੇ ਚੱਲਦਿਆਂ ਰੋਡਵੇਜ਼ ਦੇ ਜਨਰਲ ਮੈਨੇਜਰ ਖੁ਼ਦ ਬੱਸ ਅੱਡਿਆਂ ’ਤੇ ਪਹਿਰਾ ਦੇ ਰਹੇ ਹਨ। ਜਲੰਧਰ ਦੇ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ’ਤੇ ਹੁਣ ਪਹਿਲਾਂ ਵਾਂਗ ਸ਼ੋਰ ਸ਼ਰਾਬਾ ਨਹੀਂ ਰਿਹਾ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਸੀ ਕਿ ਨਾਜਾਇਜ਼ ਚੱਲਦੀਆਂ ਬੱਸਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੌਜੂਦਾ ਸੱਤਾਧਾਰੀ ਧਿਰ ਦੇ ਕਈ ਆਗੂਆਂ ਦੀਆਂ ਬੱਸਾਂ ਵੀ ਲੰਮੇ ਸਮੇਂ ਤੋਂ ਧੱਕੇ ਨਾਲ ਚੱਲ ਰਹੀਆਂ ਹਨ। ਵੱਡੇ ਟਰਾਂਸਪੋਰਟਰਾਂ ਵਿੱਚੋਂ ਜ਼ਿਆਦਾਤਰ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਹਨ। ਜਲੰਧਰ ਦਾ ਬੱਸ ਅੱਡਾ ਜਿੱਥੋਂ ਹਰ ਦੋ ਮਿੰਟ ਬਾਅਦ ਬੱਸ ਬਾਹਰ ਨਿਕਲਦੀ ਹੈ, ਉਥੇ 2007 ਤੋਂ 2017 ਤੱਕ ਇਨ੍ਹਾਂ ਟਰਾਂਸਪੋਰਟਰਾਂ ਦੀਆਂ ਬੱਸਾਂ ਦਾ ਹੀ ਰਾਜ ਰਿਹਾ ਹੈ। ਸਮਾਂ ਸਾਰਣੀ ਤਿਆਰ ਕਰਨ ਵੇਲੇ ਵੀ ਖਾਸ ਤੌਰ ’ਤੇ ਇਨ੍ਹਾਂ ਬੱਸਾਂ ਦਾ ਖਿਆਲ ਰੱਖਿਆ ਜਾਂਦਾ ਰਿਹਾ ਹੈ। ਜਲੰਧਰ ਵਿੱਚ ਬੱਸ ਅੱਡੇ ਸਮੇਤ ਇੱਥੋਂ ਦੇ ਪੀਏਪੀ ਚੌਕ ਤੋਂ ਵੀ ਨਾਜਾਇਜ਼ ਬੱਸਾਂ ਚੱਲਦੀਆਂ ਸਨ ਤੇ ਅੰਮ੍ਰਿਤਸਰ, ਲੁਧਿਆਣਾ, ਮੁਹਾਲੀ ਤੇ ਹੋਰ ਸ਼ਹਿਰਾਂ ਨੂੰ ਜਾਣ ਵਾਲੀਆਂ ਨਿੱਜੀ ਬੱਸਾਂ ਹਰ ਵੇਲੇ ਇੱਥੇ ਮੌਜੂਦ ਹੁੰਦੀਆਂ ਸਨ। ਇਸੇ ਤਰ੍ਹਾਂ ਰਾਮਾਮੰਡੀ ਚੌਕ ਤੇ ਪਠਾਨਕੋਟ ਚੌਕ ਤੋਂ ਚੱਲਦੀਆਂ ਬੱਸਾਂ ਨੂੰ ਵੀ ਠੱਲ੍ਹ ਪਈ ਹੈ। ਜਾਣਕਾਰੀ ਅਨੁਸਾਰ ਜਿਹੜੀਆਂ ਨਾਜਾਇਜ਼ ਬੱਸਾਂ ਰੋਕੀਆਂ ਗਈਆਂ ਹਨ, ਉਨ੍ਹਾਂ ਵਿੱਚ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾਧਾਰੀ ਧਿਰ ਦੇ ਆਗੂਆਂ ਦੀਆਂ ਬੱਸਾਂ ਵੀ ਸ਼ਾਮਲ ਹਨ।