ਚੰਡੀਗੜ੍ਹ (ਪੱਤਰ ਪ੍ਰੇਰਕ): ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕਰਨ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦੀਆਂ ਖ਼ਬਰਾਂ ਨੂੰ ਮੁੱਢੋਂ ਨਕਾਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਢੀਂਡਸਾ ਉਤੇ ਸ਼ਬਦੀ ਹੱਲਾ ਕਰਦਿਆਂ ਕਿਹਾ ਕਿ ਢੀਂਡਸਾ ਨੇ ਅਕਾਲੀ ਦਲ (ਟਕਸਾਲੀ) ਨਾਲ ਏਕਤਾ ਦਾ ਢੌਂਗ ਰਚਦਿਆਂ ਸੇਵਾ ਸਿੰਘ ਸੇਖਵਾਂ ਅਤੇ ਬੀਰਦਵਿੰਦਰ ਸਿੰਘ ਨੂੰ ਆਪਣੇ ਨਾਲ ਰਲਾ ਕੇ ਚੰਗੇ-ਭਲੇ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਕੀਤੀ ਹੈ। ਪੀ.ਜੀ.ਆਈ. ’ਚ ਇਲਾਜ ਉਪਰੰਤ ਬ੍ਰਹਮਪੁਰਾ ਅੱਜ ਆਪਣੀ ਸੈਕਟਰ 15 ਸਥਿਤ ਰਿਹਾਇਸ਼ ਪਰਤ ਆਏ ਹਨ। ਅੱਜ ਉਨ੍ਹਾਂ ਆਪਣੀ ਪਾਰਟੀ ਦੇ ਪਾਰਟੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ, ਜਥੇਦਾਰ ਉਜਾਗਰ ਸਿੰਘ ਬਡਾਲੀ, ਹਰਸੁਖਇੰਦਰ ਸਿੰਘ ਬੱਬੀ ਬਾਦਲ ਸਮੇਤ ਹੋਰ ਕਈ ਆਗੂਆਂ ਨਾਲ ਪਾਰਟੀ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਸਿੱਖੀ ਸੋਚ ਅਤੇ ਪਰੰਪਰਾਵਾਂ ਲਈ ਕੀਤਾ ਗਿਆ ਸੀ ਜਿਸ ਉਤੇ ਉਹ ਆਪਣੇ ਸਾਥੀਆਂ ਨਾਲ ਡੱਟ ਕੇ ਪਹਿਰਾ ਦੇਣਗੇ। ਜਥੇਦਾਰ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਅਕਾਲੀ ਦਲ ਨਾਲ ਸਿਧਾਂਤਕ ਮੱਤਭੇਦ ਹਨ। ਬ੍ਰਹਮਪੁਰਾ ਨੇ ਸੇਖਵਾਂ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀਆਂ ਗਤੀਵਿਧੀਆਂ ਆਰੰਭ ਦੇਣਗੇ।