ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 7 ਜੁਲਾਈ
ਸਰਹਿੰਦ ਦੇ ਰੇਲਵੇ ਟਰੈਕ ਨਾਲ ਲੱਗਦੇ ਬ੍ਰਾਹਮਣਮਾਜਰਾ ਇਲਾਕੇ ’ਚ ‘ਆਪ’ ਦੇ ਉਮੀਦਵਾਰ ਵਜੋਂ ਵਿਧਾਇਕ ਦੀ ਚੋਣ ਲੜ ਚੁੱਕੇ ਸੀਨੀਅਰ ਆਗੂ ਲਖਵੀਰ ਸਿੰਘ ਰਾਏ, ਵਾਰਡ ਨੰਬਰ-13 ਤੋਂ ‘ਆਪ’ ਦੀ ਟਿਕਟ ’ਤੇ ਕੌਂਸਲਰ ਚੁਣੀ ਗਈ ਆਸ਼ਾ ਰਾਣੀ ਅਤੇ ਉਨ੍ਹਾਂ ਦੇ ਪਤੀ ਰਮੇਸ਼ ਕੁਮਾਰ ਸੋਨੂੰ ਵੱਲੋਂ ਥਾਂ-ਥਾਂ ਲੱਗੇ ਕੂੜੇ ਕਰਕਟ ਅਤੇ ਗੰਦਗੀ ਦੇ ਢੇਰ ਦਿਖਾਉਂਦਿਆਂ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਵਾਰਡਾਂ ਨਾਲ ਕੀਤੇ ਜਾ ਰਹੇ ਪੱਖਪਾਤ ਦੇ ਦੋਸ਼ ਦੁਹਰਾਏ ਗਏ। ਲਖਵੀਰ ਰਾਏ ਨੇ ਕਿਹਾ ਕਿ ਇੱਕ ਪਾਸੇ ਹਲਕੇ ਦੇ ਮੌਜੂਦਾ ਕਾਂਗਰਸੀ ਵਿਧਾਇਕ ਵੱਲੋਂ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੂੰ ਸਮਾਰਟ ਸਿਟੀ ਬਣਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਸਮਾਰਟ ਸਿਟੀ ਦੀ ਅਸਲ ਤਸਵੀਰ ਅੱਖਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਮਸਲਾ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਸੱਤਾਧਾਰੀ ਧਿਰ ਦੇ ਇਸ਼ਾਰੇ ’ਤੇ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ‘ਆਪ’ ਦੇ ਕੌਂਸਲਰਾਂ ਵਾਲੇ ਵਾਰਡਾਂ ਦੀ ਸਾਫ-ਸਫਾਈ ਨਾ ਕਰਵਾ ਕੇ ਇੱਥੋਂ ਦੇ ਵੋਟਰਾਂ ਨੂੰ ਸੱਤਾਧਾਰੀ ਧਿਰ ਦੇ ਉਲਟ ਵੋਟਾਂ ਪਾਉਣ ਦੀ ਸਜ਼ਾ ਦਿੱਤੀ ਜਾ ਰਹੀ ਹੈ।
ਹੜਤਾਲ ਕਾਰਨ ਨਹੀਂ ਹੋ ਸਕੀ ਸਫ਼ਾਈ: ਪ੍ਰਧਾਨ
ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਅਜਿਹੀ ਪੱਖਪਾਤ ਵਾਲੀ ਕੋਈ ਗੱਲ ਨਹੀਂ ਹੈ, ਸਾਰੇ ਵਾਰਡਾਂ ’ਚ ਸਫਾਈ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ਪਰ ਸਫਾਈ ਕਰਮੀਆਂ ਵੱਲੋਂ ਹੜਤਾਲ ’ਤੇ ਜਾਣ ਕਾਰਨ ਕੂੜਾ ਕਰਕਟ ਚੁੱਕਣ ’ਚ ਦੇਰੀ ਹੋ ਰਹੀ ਸੀ, ਜਿਨ੍ਹਾਂ ਵੱਲੋਂ ਹੁਣ ਹੜਤਾਲ ਵਾਪਸ ਲੈ ਲਈ ਗਈ ਹੈ ਤੇ ਇੱਕ ਦੋ ਦਿਨਾਂ ’ਚ ਸਾਰੇ ਵਾਰਡਾਂ ’ਚ ਸਫ਼ਾਈ ਕਰਵਾ ਦਿੱਤੀ ਜਾਵੇਗੀ।