ਨਵਕਿਰਨ ਸਿੰਘ
ਮਹਿਲ ਕਲਾਂ, 14 ਸਤੰਬਰ
ਇੱਥੋਂ ਨੇੜਲੇ ਪਿੰਡ ਚੰਨਣਵਾਲ ਦੇ ਲੋਕਾਂ ਨੇ ਬੀਤੇ ਦਿਨੀਂ ਭਾਜਪਾ ’ਚ ਸ਼ਾਮਲ ਹੋਏ ਪਿੰਡ ਦੇ ਸਰਪੰਚ ਬੂਟਾ ਸਿੰਘ ਤੇ ਤਿੰਨ ਪੰਚਾਂ ਦੇ ਬਾਈਕਾਟ ਦਾ ਐਲਾਨ ਕਰ ਕੇ ਪੰਚਾਇਤ ਘਰ ਨੂੰ ਜਿੰਦਰਾ ਲਾ ਦਿੱਤਾ ਹੈ। ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਗੁਰਦੁਆਰਾ ਗੁਪਤਸਰ ਸਾਹਿਬ ਵਿੱਚ ਕੀਤੀ ਗਈ ਇਕੱਤਰਤਾ ਦੌਰਾਨ ਸਰਪੰਚ ਤੇ ਤਿੰਨਾਂ ਪੰਚਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਜਾਣੇ-ਅਣਜਾਣੇ ਵਿੱਚ ਭਾਜਪਾ ’ਚ ਜਾਣ ਦਾ ਲਿਆ ਫ਼ੈਸਲਾ ਇਕੱਠ ਵਿੱਚ ਪਹੁੰਚ ਕੇ ਵਾਪਸ ਲੈ ਲੈਣ ਪਰ ਜਦ ਲੰਮੀ ਉਡੀਕ ਕਰਨ ’ਤੇ ਉਹ ਨਾ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਸਰਪੰਚ ਅਤੇ ਤਿੰਨਾਂ ਪੰਚਾਂ ਦੇ ਬਾਈਕਾਟ ਦਾ ਫ਼ੈਸਲਾ ਲੈ ਲਿਆ। ਪਿੰਡ ਵਾਸੀਆਂ ਨੇ ਬੂਟਾ ਸਿੰਘ ਦੀ ਸਰਪੰਚੀ ਖਾਰਜ ਕਰ ਕੇ ਬਾਕੀ ਦੇ ਛੇ ਪੰਚਾਂ ’ਚੋਂ ਕਿਸੇ ਨੂੰ ਅਧਿਕਾਰਤ ਸਰਪੰਚ ਚੁਣਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਪੰਚਾਇਤ ਘਰ ਨੂੰ ਵੀ ਜਿੰਦਰਾ ਲਗਾ ਦਿੱਤਾ। ਇਸ ਮੌਕੇ ਦਲਵੀਰ ਸਿੰਘ ਚੰਨਣਵਾਲ, ਜਗਜੀਤ ਸਿੰਘ ਚੰਨਣਵਾਲ, ਗੁਰਜੰਟ ਸਿੰਘ ਬਦੇਸ਼ਾ, ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਸਾਬਕਾ ਸਰਪੰਚ ਰਸ਼ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਲਗਾਤਾਰ ਕਿਸਾਨ ਸੰਘਰਸ਼ ਵਿੱਚ ਯੋਗਦਾਨ ਪਾਉਂਦਾ ਆ ਰਿਹਾ ਹੈ। ਪਿੰਡ ’ਚ ਹਰ ਹਾਲ ਵਿੱਚ ਸ਼ਾਂਤੀ ਕਾਇਮ ਰੱਖੀ ਜਾਵੇਗੀ। ਬੀਤੇ ਦਿਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਚੰਨਣਵਾਲ ਦੇ ਸਰਪੰਚ ਸਮੇਤ ਜ਼ਿਲ੍ਹਾ ਬਰਨਾਲਾ ਦੇ ਦਰਜਨ ਦੇ ਕਰੀਬ ਵਿਅਕਤੀ ਭਾਜਪਾ ਵਿੱਚ ਸ਼ਾਮਲ ਕਰਵਾਏ ਸਨ। ਇਨ੍ਹਾਂ ’ਚੋਂ ਪਿੰਡ ਰਾਏਸਰ ਨਾਲ ਸਬੰਧਤ ਸਤਨਾਮ ਸਿੰਘ ਤੇ ਜਸਵਿੰਦਰ ਸਿੰਘ ਨੇ ਅੱਜ ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਭਾਜਪਾ ਨਾਲ ਅੱਗੇ ਤੋਂ ਕਿਸੇ ਵੀ ਕਿਸਮ ਦਾ ਨਾਤਾ ਨਾ ਰੱਖਣ ਦਾ ਐਲਾਨ ਕੀਤਾ।