ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 9 ਅਕਤੂਬਰ
ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਬਾਹਰ ਅੱਜ ਸਵੇਰੇ ਕਾਰ ਦੀ ਫੇਟ ਲੱਗਣ ਕਾਰਨ 13 ਸਾਲਾ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਸ਼ਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰਬਰ 6 ਪਿੰਡ ਮਟੌਰ ਸ੍ਰੀ ਅਨੰਦਪੁਰ ਸਾਹਿਬ ਵਜੋਂ ਹੋਈ। ਤਫ਼ਤੀਸ਼ੀ ਅਫ਼ਸਰ ਏਐੱਸਆਈ ਕੇਵਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅਰਸ਼ਪ੍ਰੀਤ ਆਪਣੇ ਪਿਤਾ ਮਨਜੀਤ ਸਿੰਘ ਨਾਲ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਡੇਰਾ ਮੋਇਆਂ ਦੀ ਮੰਡੀ ਵਿੱਚ ਮੱਥਾ ਟੇਕਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਖ਼ਾਲਸਾ ਕਾਲਜ ਦੇ ਬਾਹਰ ਸੜਕ ਪਾਰ ਕਰਨ ਲੱਗਿਆ ਤਾਂ ਕਾਰ ਨੇ ਉਕਤ ਬੱਚੇ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਸੜਕ ਹਾਦਸੇ ਵਿੱਚ ਮੌਤ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਜੀਟੀ ਰੋਡ ’ਤੇ ਐੱਚ.ਪੀ ਪੈਟਰੋਲ ਪੰਪ ਕੋਲ ਵਾਪਰੇ ਹਾਦਸੇ ਵਿੱਚ ਦੇਵੀ ਨਗਰ ਦੇ ਸੁਰਿੰਦਰ ਕੁਮਾਰ (35) ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਭਾਗ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਮੰਜੀ ਸਾਹਿਬ ਕੋਲ ਫਰੂਟ ਦੀ ਰੇਹੜੀ ਲਾਉਂਦਾ ਹੈ। ਲੰਘੀ ਰਾਤ ਜਦੋਂ ਉਹ ਵਿਹਲਾ ਹੋ ਕੇ ਪੈਦਲ ਦੇਵੀ ਨਗਰ ਆਪਣੇ ਘਰ ਜਾ ਰਿਹਾ ਸੀ ਤਾਂ ਜੀਟੀ ਰੋਡ ’ਤੇ ਭੀੜ ਲੱਗੀ ਹੋਈ ਸੀ। ਨੇੜੇ ਜਾ ਕੇ ਦੇਖਿਆ ਕਿ ਉਸ ਦਾ ਚਾਚਾ ਸੁਰਿੰਦਰ ਕੁਮਾਰ ਮ੍ਰਿਤ ਹਾਲਤ ਵਿਚ ਪਿਆ ਸੀ। ਕੋਈ ਵਾਹਨ ਚਾਲਕ ਉਸ ਨੂੰ ਟੱਕਰ ਮਾਰ ਗਿਆ ਸੀ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।