ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਨਵੰਬਰ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਵੱਧ ਰਹੀ ਮਹਿੰਗਾਈ ਲਈ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ 2014 ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ’ਚ ਵਾਧਾ ਹੋਣ ’ਤੇ ਭਾਜਪਾ ਦੇ ਆਗੂ ਅੱਧਨੰਗੇ ਹੋ ਕੇ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਦੇ ਸਨ ਅਤੇ ਅੱਜ ਜਦੋਂ ਮਹਿੰਗਾਈ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਤਾਂ ਉਹ ਸਾਰੇ ਆਗੂ ਚੁੱਪ ਵੱਟੀ ਬੈਠੇ ਹਨ।
ਚੀਮਾ ਨੇ ਕਿਹਾ ਕਿ ਮਹਿੰਗਾਈ ਨੂੰ ਚੋਣ ਮੁੱਦਾ ਬਣਾ ਕੇ ਭਾਜਪਾ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਈ ਸੀ ਪਰ ਹੁਣ ਭਾਜਪਾ ਸਰਕਾਰ ਨੇ ਤੇਲ ਕੀਮਤਾਂ ਵਧਾ ਕੇ ਦੇਸ਼ ਦੇ ਲੋਕਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਡੀ-ਕੰਟਰੋਲ ਤਾਂ ਜ਼ਰੂਰ ਕੀਤਾ ਪਰ ਜਦੋਂ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਤਾਂ ਉਸ ਦਾ ਫਾਇਦਾ ਲੋਕਾਂ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਵਾਧੇ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੀ ਮੋਦੀ ਸਰਕਾਰ ਜਿੰਨੀ ਹੀ ਜ਼ਿੰਮੇਵਾਰ ਹੈ, ਜਿਹੜੀ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਅਸੰਵੇਦਨਸ਼ੀਲ ਸਿੱਧ ਹੋਈ ਹੈ। ਪੰਜਾਬ ’ਚ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਗੁਆਂਢੀ ਸੂਬਿਆਂ ’ਚੋਂ ਸਭ ਤੋਂ ਜ਼ਿਆਦਾ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ’ਤੇ 31.17 ਫ਼ੀਸਦ ਅਤੇ ਡੀਜ਼ਲ ’ਤੇ 19.56 ਫ਼ੀਸਦ ਵੈਟ ਵਸੂਲਿਆ ਜਾ ਰਿਹਾ ਹੈ। ਇਸ ਕਾਰਨ ਜਿੱਥੇ ਖਪਤਕਾਰ ਲੁੱਟੇ ਜਾ ਰਹੇ ਹਨ, ਉੱਥੇ ਹੀ ਪੈਟਰੋਲ ਪੰਪ ਮਾਲਕ ਵੀ ਪ੍ਰੇਸ਼ਾਨ ਹੋ ਰਹੇ ਹਨ।