ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਲੁਧਿਆਣਾ ਕਚਹਿਰੀ ਬੰਬ ਧਮਾਕੇ ਦੇ ਮਾਮਲੇ ਵਿੱਚ ਸਪੈਸ਼ਲ ਟਾਸਕ ਫੋਰਸ ਵੱਲੋਂ ਲੋੜੀਂਦੇ ਹਰਪ੍ਰੀਤ ਸਿੰਘ ਮਲੇਸ਼ੀਆ ਦੀ ਗ੍ਰਿਫ਼ਤਾਰੀ ਵਾਸਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਪੁਲੀਸ ਸੂਤਰਾਂ ਮੁਤਾਬਕ ਹਰਪ੍ਰੀਤ ਸਿੰਘ ਨੇ ਇਹ ਵਿਸਫੋਟਕ ਸਮੱਗਰੀ ਪਾਕਿਸਤਾਨ ਤੋਂ ਭਾਰਤ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜੋ ਕਿ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਰਮੁਖ ਸਿੰਘ ਦਾ ਰਿਸ਼ਤੇਦਾਰ ਹੈ। ਸੁਰਮੁਖ ਕੋਲੋਂ ਕੀਤੀ ਗਈ ਪੁੱਛਗਿਛ ਦੌਰਾਨ ਹੀ ਹਰਪ੍ਰੀਤ ਦਾ ਨਾਂ ਸਾਹਮਣੇ ਆਇਆ ਹੈ।ਐੱਸਟੀਐੱਫ਼ ਦੇ ਏਆਈਜੀ ਰਛਪਾਲ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ’ਚ ਹਰਪ੍ਰੀਤ ਮਲੇਸ਼ੀਆ ਤੋਂ ਇਲਾਵਾ ਸਿਮਰਨਜੀਤ ਸਿੰਘ ਸੰਧੂ (ਇਟਲੀ) ਤੇ ਤਨਵੀਰ ਸਿੰਘ ਬੇਦੀ (ਆਸਟਰੇਲੀਆ) ਖ਼ਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ।