ਮਾਛੀਵਾੜਾ ਸਾਹਿਬ, 21 ਦਸੰਬਰ
ਇਥੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ’ਚ ਇਕ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਵਿਆਹੁਤਾ ਰਾਜਵਿੰਦਰ ਕੌਰ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਹੈ, ਜਦਕਿ ਉਸਦੇ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਮ੍ਰਿਤਕਾ ਦੇ ਪਤੀ ਜੰਗ ਸਿੰਘ ਉਰਫ਼ ਹਾਕਮ ਨੇ ਉਨ੍ਹਾਂ ਦੀ ਧੀ ਦੀ ਗਲ ਘੁਟ ਕੇ ਹੱਤਿਆ ਕੀਤੀ ਹੈ।
ਰਾਜਵਿੰਦਰ ਕੌਰ ਦੇ ਪਿਤਾ ਕਰਨੈਲ ਸਿੰਘ ਵਾਸੀ ਬ੍ਰਹਮਪੁਰੀ (ਫਿਲੌਰ) ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਦਾ ਵਿਆਹ 2017 ’ਚ ਪਿੰਡ ਚੌਂਤਾ ਦੇ ਜੰਗ ਸਿੰਘ ਨਾਲ ਕੀਤਾ ਸੀ ਅਤੇ ਸਮਰੱਥਾ ਅਨੁਸਾਰ ਦਾਜ ਦਿੱਤਾ ਸੀ ਪਰ ਵਿਆਹ ’ਚ ਦਾਜ ਘੱਟ ਲਿਆਉਣ ਅਤੇ ਕਾਰ ਨਾ ਲਿਆਉਣ ਕਾਰਨ ਅਕਸਰ ਸਹੁਰਾ ਪਰਿਵਾਰ ਰਾਜਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਸਬੰਧੀ 2 ਵਾਰ ਪੰਚਾਇਤ ਵੀ ਬੈਠੀ। ਕਰਨੈਲ ਸਿੰਘ ਨੇ ਦੱਸਿਆ ਕਿ ਉਸਦੀ ਧੀ ਦਾ ਪਤੀ ਤੇ ਸਹੁਰਾ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਕਾਰ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਅਕਸਰ ਘਰ ’ਚ ਕਲੇਸ਼ ਰਹਿੰਦਾ ਸੀ ਅਤੇ ਲੰਘੀ 20 ਦਸੰਬਰ ਦੀ ਰਾਤ ਨੂੰ ਪਤੀ-ਪਤਨੀ ਵਿਚਾਲੇ ਝਗੜਾ ਵੀ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 21 ਦਸੰਬਰ ਸਵੇਰੇ 6 ਵਜੇ ਧੀ ਰਾਜਵਿੰਦਰ ਕੌਰ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ ਹੈ ਤੇ ਉਸ ਨੇ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ ਹੈ। ਉਹ ਤੁਰਤ ਮੌਕੇ ’ਤੇ ਪੁੱਜੇ। ਉਨ੍ਹਾਂ ਲੜਕੀ ਦੇ ਸਹੁਰਾ ਪਰਿਵਾਰ ’ਤੇ ਦੋਸ਼ ਲਾਇਆ ਕਿ ਵਿਆਹ ਦੌਰਾਨ ਘੱਟ ਦਾਜ ਤੇ ਹੁਣ ਕਾਰ ਦੀ ਮੰਗ ਨਾ ਪੂਰੀ ਹੋਣ ’ਤੇ ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੀੜ੍ਹਤ ਪਰਿਵਾਰ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਜੰਗ ਸਿੰਘ, ਸਹੁਰਾ ਦਿਲਬਾਰਾ ਸਿੰਘ, ਸੱਸ ਕੁਲਦੀਪ ਕੌਰ, ਨਣਦ ਮਨਪ੍ਰੀਤ ਕੌਰ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬੱਚੇ ਦਾ ਬਿਆਨ: ਪਿਓ ਨੇ ਹੀ ਮਾਂ ਨੂੰ ਮਾਰਿਆ
ਮ੍ਰਿਤਕਾ ਰਾਜਵਿੰਦਰ ਕੌਰ ਦੇ 3 ਸਾਲਾ ਬੱਚੇ ਗੁਰਪ੍ਰਤਾਪ ਸਿੰਘ ਨੇ ਨਾਨਕੇ ਪਰਿਵਾਰ ਤੇ ਪੱਤਰਕਾਰਾਂ ਸਾਹਮਣੇ ਸਹਿਮੇ ਹੋਏ ਦੱਸਿਆ ਕਿ ਉਸਦੇ ਪਿਤਾ ਨੇ ਹੀ ਰਾਤ ਨੂੰ ਮਾਂ ਨੂੰ ਮਾਰਿਆ ਹੈ। ਬੱਚੇ ਨੇ ਦੱਸਿਆ ਕਿ ਉਸਦੇ ਪਿਤਾ ਨੇ ਉਸ ਦੀ ਮਾਂ ਦੀ ਮਾਰਕੁੱਟ ਵੀ ਕੀਤੀ ਸੀ।