ਕਰਮਜੀਤ ਸਿੰਘ ਚਿੱਲਾ
ਬਨੂੜ, 9 ਜੁਲਾਈ
ਥਾਣਾ ਬਨੂੜ ਅਧੀਨ ਪੈਂਦੇ ਕਸਬਾ ਖੇੜਾ ਗੱਜੂ ਦੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈਆਂ ਹਨ। ਇਹ ਦੋਵੇਂ ਦੋਸਤ 4 ਜੁਲਾਈ ਤੋਂ ਲਾਪਤਾ ਸਨ। ਇਨ੍ਹਾਂ ਦੀਆਂ ਜੁੱਤੀਆਂ ਤੇ ਮੋਟਰਸਾਈਕਲ ਇਕ ਦਿਨ ਪਹਿਲਾਂ ਭਾਖੜਾ ਨਹਿਰ ਨੇੜਲੇ ਪਿੰਡ ਪਾਬਰੀ ਦੇ ਜੈ ਨਗਰ ’ਚੋਂ ਬਰਾਮਦ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ (32) ਪੁੱਤਰ ਸ਼ਿਵ ਦਿਆਲ ਪੰਜਾਬ ਨੈਸ਼ਨਲ ਬੈਂਕ ਦੀ ਨਲਾਸ ਬਰਾਂਚ ਵਿੱਚ ਕੰਮ ਕਰਦਾ ਸੀ। ਚਾਰ ਜੁਲਾਈ ਨੂੰ ਘਰੋਂ ਉਹ ਡਿਊਟੀ ’ਤੇ ਗਿਆ ਸੀ, ਪਰ ਵਾਪਸ ਨਹੀਂ ਆਇਆ। ਦੋ ਵਜੇ ਤੱਕ ਉਹ ਬੈਂਕ ਵਿੱਚ ਮੌਜੂਦ ਰਿਹਾ ਪਰ ਦੁਬਾਰਾ ਆਪਣੇ ਮੋਟਰਸਾਈਕਲ ’ਤੇ ਉੱਥੋਂ ਚਲਾ ਗਿਆ। ਮ੍ਰਿਤਕ ਵਿਅਕਤੀ ਦੋ ਧੀਆਂ ਦਾ ਪਿਓ ਸੀ। ਉਸ ਦੀ ਲਾਸ਼ ਅੱਜ ਸਵੇਰੇ ਜਨਸੂਈ ਹੈੱਡ ਤੋਂ ਮਿਲੀ ਹੈ ਤੇ ਪੁਲੀਸ ਨੇ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਤੋਂ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸੇ ਤਰ੍ਹਾਂ ਰਾਹੁਲ ਕੁਮਾਰ (32) ਪੁੱਤਰ ਜਗਦੀਸ਼ ਚੰਦ ਪਹਿਲਾਂ ਜਾਂਸਲਾ ਦੇ ਸੈਲੂਨ ’ਚ ਕੰਮ ਕਰਦਾ ਸੀ ਤੇ ਅੱਜਕੱਲ੍ਹ ਵਿਹਲਾ ਸੀ। ਉਸ ਦਾ ਪਿਤਾ ਅਧਰੰਗ ਤੋਂ ਪੀੜਤ ਹੈ ਅਤੇ ਮਾਂ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ।
ਮ੍ਰਿਤਕ ਇੱਕ ਪੁੱਤਰ ਦਾ ਪਿਉ ਸੀ। ਉਸ ਦੀ ਲਾਸ਼ ਅੱਜ ਸਵੇਰੇ ਸਰਾਲਾ ਕਲਾਂ ਕੋਲੋਂ ਮਿਲੀ ਹੈ। ਬਨੂੜ ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਲਈ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੋਵੇਂ ਨੌਜਵਾਨਾਂ ਦੀ ਮੌਤ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।