ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਭਲਕੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਪੰਜਵੀਂ ਜਮਾਤ (ਟਰਮ-2) ਦੀ ਪ੍ਰੀਖਿਆ ਦਾ ਪੇਪਰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਭਲਕੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਪੰਜਵੀਂ ਜਮਾਤ (ਟਰਮ-2) ਦੇ ਦੂਜੇ ਵਿਸ਼ੇ (ਪੰਜਾਬੀ, ਹਿੰਦੀ, ਉਰਦੂ) ਦੀ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਪ੍ਰੀਖਿਆ 2 ਅਪਰੈਲ ਨੂੰ ਸਵੇਰੇ 10:30 ਵਜੇ ਹੋਵੇਗੀ।