ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਅਪਰੈਲ
ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀਐੱਸਈਬੀ) ਨੇ ਸੈਸ਼ਨ 2022-23 ਲਈ ਹਾਲੇ ਤਕ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਨੂੰ ਪੁਸਤਕਾਂ ਨਹੀਂ ਭੇਜੀਆਂ। ਪੰਜਾਬ ਸਕੂਲ ਬੋਰਡ ਇਹ ਪੁਸਤਕਾਂ ਛਪਵਾਉਣਾ ਹੀ ਭੁੱਲ ਗਿਆ ਸੀ ਜਿਸ ਕਾਰਨ ਦੇਰ ਨਾਲ ਪ੍ਰਿੰਟਿੰਗ ਦਾ ਆਰਡਰ ਦਿੱਤਾ ਗਿਆ। ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵੀ ਪੰਜਾਬੀ ਪੁਸਤਕਾਂ ਵਿਦਿਆਰਥੀਆਂ ਤਕ ਨਹੀਂ ਪੁੱਜ ਸਕੀਆਂ ਜਿਸ ਕਾਰਨ ਅਧਿਆਪਕ ਤੇ ਵਿਦਿਆਰਥੀ ਪ੍ਰੇਸ਼ਾਨ ਹਨ ਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਮਿਡਲ ਪੱਧਰ ਤਕ ਪੰਜਾਬੀ ਦੀਆਂ ਪੁਸਤਕਾਂ ਪੰਜਾਬ ਸਕੂਲ ਬੋਰਡ ਵਲੋਂ ਭੇਜੀਆਂ ਜਾਂਦੀਆਂ ਹਨ। ਇਹ ਪੁਸਤਕਾਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਅਪਰੈਲ ਦੇ ਪਹਿਲੇ ਹਫਤੇ ਮਿਲ ਜਾਂਦੀਆਂ ਸਨ ਪਰ ਹੁਣ ਅਪਰੈਲ ਸਮਾਪਤ ਹੋਣ ਵਾਲਾ ਹੈ ਪਰ ਵਿਦਿਆਰਥੀ ਹਾਲੇ ਵੀ ਪੁਸਤਕਾਂ ਤੋਂ ਵਾਂਝੇ ਹਨ। ਇਥੋਂ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਉਂਦੇ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਬੋਰਡ ਵਲੋਂ ਹਰ ਸਾਲ ਸਿਲੇਬਸ ਵਿਚ ਕੁਝ ਬਦਲਾਅ ਕੀਤੇ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਬੱਚਿਆਂ ਨੂੰ ਕੀ ਪੜ੍ਹਾਉਣ। ਸਰਕਾਰੀ ਸਕੂਲ ਪਿੰਡ ਬਡਹੇੜੀ ਦੇ ਵਿਦਿਆਰਥੀ ਦੇ ਪਿਤਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬੀ ਪੁਸਤਕਾਂ ਪੁੱਜ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ।
ਦੋ ਦਿਨਾਂ ਵਿੱਚ ਪੁਸਤਕਾਂ ਪੁੱਜਦੀਆਂ ਕੀਤੀਆਂ ਜਾਣਗੀਆਂ: ਚੇਅਰਮੈਨ ਯੋਗਰਾਜ
ਯੂਟੀ ਸਿੱਖਿਆ ਵਿਭਾਗ ਦੀ ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਸਕੂਲ ਬੋਰਡ ਨੂੰ ਪੁਸਤਕਾਂ ਦੀ ਜਲਦੀ ਸਪਲਾਈ ਲਈ ਕਿਹਾ ਗਿਆ ਹੈ। ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਕਿਹਾ ਕਿ ਪੰਜਾਬੀ ਦੀਆਂ ਪੁਸਤਕਾਂ ਕੁਝ ਕਾਰਨਾਂ ਕਰ ਕੇ ਲੇਟ ਹੋ ਗਈਆਂ ਹਨ ਪਰ ਇਹ ਪੁਸਤਕਾਂ ਦੋ ਦਿਨਾਂ ਵਿਚ ਚੰਡੀਗੜ੍ਹ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ।