ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਅਕਤੂਬਰ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਢੰਗ ਬਦਲ ਦਿੱਤਾ ਹੈ। ਇਸ ਵਾਰ ਨਵੰਬਰ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਬਹੁ-ਵਿਕਲਪੀ ਪ੍ਰਸ਼ਨਾਂ ਦੇ ਜਵਾਬ ਹੀ ਦੇਣੇ ਪੈਣਗੇ ਜਦਕਿ ਪਿਛਲੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਸਥਾਰ ਸਹਿਤ ਪ੍ਰਸ਼ਨ ਪੁੱਛੇ ਜਾਂਦੇ ਸਨ। ਬੋਰਡ ਦੀਆਂ ਇਹ ਟਰਮ- 1 ਪ੍ਰੀਖਿਆਵਾਂ 15 ਨਵੰਬਰ ਤੋਂ ਸ਼ੁਰੂ ਹੋਣ ਦੀ ਆਸ ਹੈ ਜਿਸ ਸਬੰਧੀ ਡੇਟਸ਼ੀਟ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਸੀਬੀਐੱਸਈ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਗੁਲਾਬੀ ਰੰਗ ਦੀ ਮਿਲਣ ਵਾਲੀ ਓਐੱਮਆਰ ਸ਼ੀਟ ਵਿੱਚ ਬਹੁ-ਵਿਕਲਪੀ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਖਾਨਾ ਵੱਧ ਦਿੱਤਾ ਗਿਆ ਹੈ। ਜੇਕਰ ਵਿਦਿਆਰਥੀ ਕਿਸੇ ਸਵਾਲ ਦਾ ਜਵਾਬ ਏ, ਬੀ, ਸੀ, ਡੀ ’ਚੋਂ ਦੇਣਾ ਚਾਹੁੰਦਾ ਹੈ ਤੇ ਉਸ ਨੇ ਪਹਿਲਾਂ ਜਵਾਬ ‘ਏ’ ਲਿਖ ਦਿੱਤਾ ਹੈ, ਪਰ ਬਾਅਦ ਵਿੱਚ ਉਸ ਨੇ ਜਵਾਬ ‘ਡੀ’ ਦੇਣਾ ਹੈ ਤਾਂ ਉਸ ਨੂੰ ‘ਏ’ ਦੇ ਜਵਾਬ ਨੂੰ ਕੱਟਣਾ ਪਵੇਗਾ ਤੇ ‘ਡੀ’ ਵਾਲਾ ਖਾਨਾ ਪੈੱਨ ਨਾਲ ਭਰਨਾ ਕਰਨਾ ਪਵੇਗਾ। ਇਸ ਤੋਂ ਬਾਅਦ ਵੱਖਰੇ ਦਿੱਤੇ ਖਾਨੇ ਵਿੱਚ ਜਵਾਬ ‘ਡੀ’ ਭਰਨਾ ਪਵੇਗਾ। ਜੇਕਰ ਵਿਦਿਆਰਥੀ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਸਵਾਲ ਦਾ ਕੋਈ ਅੰਕ ਨਹੀਂ ਦਿੱਤਾ ਜਾਵੇਗਾ।
ਪਹਿਲਾਂ 80 ਫ਼ੀਸਦੀ ਸਬਜੈਕਟਿਵ ਤੇ 20 ਫ਼ੀਸਦੀ ਆਬਜੈਕਟਿਵ ਹੁੰਦੇ ਸਨ ਪ੍ਰਸ਼ਨ
ਬੋਰਡ ਪ੍ਰੀਖਿਆਵਾਂ ਲਈ ਪਹਿਲਾਂ 80 ਫ਼ੀਸਦੀ ਅੰਕ ਵਿਸਥਾਰ ਵਾਲੇ ਸਵਾਲਾਂ ਜਦਕਿ 20 ਫ਼ੀਸਦੀ ਬਹੁ-ਵਿਕਲਪੀ ਸਵਾਲਾਂ ਲਈ ਹੁੰਦੇ ਸਨ, ਪਰ ਬੋਰਡ ਨੇ ਇਸ ਵਾਰ ਤੋਂ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਨਵੰਬਰ ਵਾਲੀਆਂ ਪ੍ਰੀਖਿਆਵਾਂ ਸਿਰਫ਼ ਬਹੁ-ਵਿਕਲਪੀ ਹੀ ਹੋਣਗੀਆਂ। ਪਹਿਲਾਂ ਹਰ ਵਿਸ਼ੇ ਦੀ ਪ੍ਰੀਖਿਆ ਤਿੰਨ ਘੰਟੇ ਦੀ ਹੁੰਦੀ ਸੀ ਜੋ ਹੁਣ 90 ਮਿੰਟ ਦੀ ਹੋਵੇਗੀ। ਸੀਬੀਐੱਸਈ ਵੱਲੋਂ ਫਰਵਰੀ-ਮਾਰਚ ਵਿੱਚ ਲਈਆਂ ਜਾਣ ਵਾਲੀਆਂ ਟਰਮ-2 ਪ੍ਰੀਖਿਆਵਾਂ ਸਬਜੈਕਟਿਵ ਸਵਾਲਾਂ ’ਤੇ ਆਧਾਰਤ ਹੋਣਗੀਆਂ ਤੇ ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਹਰ ਇੱਕ ਲਈ 120 ਮਿੰਟ ਹੋਵੇਗਾ। ਬੋਰਡ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀ ਨਵੇਂ ਢੰਗ ਅਨੁਸਾਰ ਹੀ ਪ੍ਰੀਖਿਆਵਾਂ ਦੀ ਤਿਆਰੀ ਕਰਨ।