ਸ਼ਗਨ ਕਟਾਰੀਆ
ਬਠਿੰਡਾ, 5 ਅਕਤੂਬਰ
ਖੇਤੀ ਕਾਨੂੰਨਾਂ ਵਿਰੁੱਧ ਨਿੱਤਰੇ ਕਿਸਾਨਾਂ ਨੇ ਪੰਜਵੇਂ ਦਿਨ ਵੀ ਸੰਘਰਸ਼ ਦਾ ਪਿੜ ਮਘਾਈ ਰੱਖਿਆ। ਇਥੇ ਰੇਲ ਪਟੜੀਆਂ ’ਤੇ ਧਰਨਾ ਲਾਉਣ ਵਾਲੇ ਕਿਸਾਨਾਂ ’ਚੋਂ ਇਕ ਕਾਫ਼ਲਾ ਨਰਮੇ ਦੀ ਹੋ ਰਹੀ ਬੇਕਦਰੀ ਖ਼ਿਲਾਫ਼ ਨੰਗੇ ਧੜ ਰੋਸ ਮੁਜ਼ਾਹਰਾ ਕਰਦਿਆਂ ਨਰਮਾ ਮੰਡੀ ਵਿੱਚ ਪਹੁੰਚਿਆ। ਵਿਖਾਵਾਕਾਰੀ ਨਰਮੇ ਦੀ ਸਰਕਾਰੀ ਏਜੰਸੀ ਵੱਲੋਂ ਖ਼ਰੀਦ ਨਾ ਕੀਤੇ ਜਾਣ ਵਿਰੁੱਧ ਰੋਸ ਜਿਤਾ ਰਹੇ ਸਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਖਾਤਮੇ ਦਾ ਅਸਰ ਹੁਣ ਤੋਂ ਸ਼ੁਰੂ ਹੋ ਗਿਆ ਹੈ। ਸਰਕਾਰੀ ਖ਼ਰੀਦ ਨਾ ਹੋਣ ਕਾਰਨ ਮੁਨਾਫ਼ੇਖ਼ੋਰ ਤੇ ਜ਼ਖ਼ੀਰੇਬਾਜ਼ ਵਪਾਰੀ ਸਰਕਾਰ ਵੱਲੋਂ ਨਿਸ਼ਚਿਤ ਮੁੱਲ ਤੋਂ 12-15 ਸੌ ਰੁਪਏ ਪ੍ਰਤੀ ਕੁਇੰਟਲ ਨਰਮਾ ਖ਼ਰੀਦ ਕੇ ਹੱਥ ਰੰਗ ਰਹੇ ਹਨ। ਕੱਪੜੇ ਵਿਹੂਣੇ ਤਨਾਂ ਬਾਰੇ ਉਨ੍ਹਾਂ ਦਲੀਲ ਦਿੱਤੀ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਕੱਪੜੇ ਤਾਂ ਪਹਿਲਾਂ ਹੀ ਲਾਹ ਲਏ ਸਨ, ਬਾਕੀ ਬਚੇ ਪੂੰਜੀਪਤੀਆਂ ਤੋਂ ਲੁਹਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਇਸ ਮਾਮਲੇ ’ਚ ਕੈਪਟਨ ਸਰਕਾਰ ਨੂੰ ਵੀ ਲਪੇਟੇ ’ਚ ਲੈਂਦਿਆਂ ਆਖਿਆ ਕਿ ਉਹ ਸਿਰਫ਼ ਫੋਕੀ ਹਮਦਰਦੀ ਹੀ ਨਾ ਜਿਤਾਉਣ ਸਗੋਂ ਮੋਦੀ ਸਰਕਾਰ ’ਤੇ ਦਬਾਅ ਪਾਉਣ ਲਈ ਕਿਸਾਨਾਂ ਦੇ ਨਾਲ ਖੜ੍ਹਨ। 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਜਾਰੀ ਅੰਦੋਲਨ ਤਹਿਤ ਰੇਲ ਪਟੜੀਆਂ, ਥਰਮਲ, ਸ਼ਾਪਿੰਗ ਮਾਲ, ਟੌਲ ਪਲਾਜ਼ਿਆਂ ’ਤੇ ਪਹਿਲਾਂ ਵਾਂਗ ਹੀ ਧਰਨੇ ਜਾਰੀ ਰਹੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਹਠੀ ਹੈ ਤਾਂ ਕਾਨੂੰਨ ਰੱਦ ਕਰਾਉਣ ਲਈ ਉਨ੍ਹਾਂ ਦੇ ਹੌਂਸਲੇ ਵੀ ਬੁਲੰਦ ਹਨ। ਉਨ੍ਹਾਂ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਕਿਸਾਨਾਂ ਦੇ ਸਬਰ ਨੂੰ ਨਾ ਅਜ਼ਮਾਉਣ ਕਿਉਂਕਿ ਜਦੋਂ ਆਈ ’ਤੇ ਆ ਗਏ ਤਾਂ ਸਰਕਾਰ ਸਮੇਤ ਪੂਰੀ ਖ਼ਲਕਤ ਨੂੰ ਜਾਮ ਕਰ ਦੇਣਗੇ।
ਕਿਸਾਨ ਸੰਘਰਸ਼ ਦੀ ਹਮਾਇਤ ’ਚ ਇਥੋਂ ਦੇ ਰਿਲਾਇੰਸ ਮਾਲ ਅੱਗੇ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਕਲਾਕਾਰਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਵੀ ਆਪਣੇ ਜਲੌਅ ’ਤੇ ਰਿਹਾ। ਇਥੇ ਹਕੂਮਤ ਖ਼ਿਲਾਫ਼ ਨਾਅਰੇ ਗੂੰਜਦੇ ਰਹੇ।
ਭਾਰਤੀ ਕਪਾਹ ਨਿਗਮ ਵੱਲੋਂ ਖ਼ਰੀਦ ਸ਼ੁਰੂ
ਤਪਾ ਮੰਡੀ (ਸੀ. ਮਾਰਕੰਡਾ): ਭਾਰਤੀ ਕਪਾਹ ਨਿਗਮ ਨੇ ਕਈ ਸਾਲਾਂ ਬਾਅਦ ਤਪਾ ਮੰਡੀ ‘ਚੋਂ ਨਰਮੇ ਦੀ ਅੱਜ ਖ਼ਰੀਦ ਸ਼ੁਰੂ ਕੀਤੀ ਹੈ। ਖਰੀਦ ਦੀ ਸ਼ੁਰੂਆਤ ਨਿਗਮ ਦੇ ਜੀਐੱਮ ਨੀਰਜ ਕੁਮਾਰ ਅਤੇ ਸੈਂਟਰ ਇੰਚਾਰਜ ਵਿਜੈ ਹਾਂਕਲਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਨਿਗਮ ਦੀਆਂ ਹਦਾਇਤਾਂ ਤਹਿਤ 8 ਤੋਂ 12 ਫ਼ੀਸਦੀ ਨਮੀ ਵਾਲੇ ਨਰਮੇ ਦੀ ਸਰਕਾਰੀ ਖਰੀਦ 5725 ਰੁਪਏ ਕੁਇੰਟਲ ਤੋਂ ਸ਼ੁਰੂ ਕਰਵਾਈ ਗਈ ਹੈ। ਸੀਸੀਆਈ ਨਰਮੇ ਦੀ ਖ਼ਰੀਦ ਸਿੱਧੇ ਤੌਰ ’ਤੇ ਕਰੇਗੀ।