ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਤੇ ਬਿਜਲੀ ਬਿੱਲ ਦੇ ਵਿਰੋਧ ਵਿੱਚ 25 ਤੋਂ 29 ਅਗਸਤ ਤੱਕ ਪਿੰਡਾਂ ਵਿੱਚ ਅਕਾਲੀ-ਭਾਜਪਾ ਆਗੂਆਂ ਨੂੰ ਵੜਨ ਤੋਂ ਰੋਕਣ ਲਈ ਕੀਤੀ ਨਾਕਾਬੰਦੀ ਤਹਿਤ ਜ਼ਿਲ੍ਹਾ ਮਾਨਸਾ ਦੇ 81 ਪਿੰਡਾਂ ਵਿੱਚ ਨਾਕਾਬੰਦੀ ਕੀਤੀ ਗਈ। ਰਾਜ ਪੱਧਰ ’ਤੇ ਚੱਲ ਰਹੇ ਇਸ ਸੰਘਰਸ਼ ਵਿੱਚ 4000 ਕਿਸਾਨਾਂ, 300 ਔਰਤਾਂ ਅਤੇ 400 ਖੇਤ ਮਜ਼ਦੂਰਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਬਹੁਤ ਸਾਰੇ ਪਿੰਡਾਂ ਵਿੱਚੋਂ ਨਾਕੇ ਲਾਉਣ ਤੋਂ ਪਹਿਲਾਂ ਪਿੰਡਾਂ ਵਿੱਚ ਮੁਜਾਹਰੇ ਕਰਨ, ਅਰਥੀ ਫੂਕਣ ,ਢੋਲ ਮਾਰਚ ਕਰਨ ਅਤੇ ਸੱਥ ਰੈਲੀਆਂ ਕਰਨ ਦੀ ਸੂਚਨਾ ਵੀ ਮਿਲੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਨੇ ਪਿੰਡ ਭੈਣੀਬਾਘਾ ਵਿਖੇ ਹੋਈ ਨਾਕਾ ਰੈਲੀ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ, ਬਿਜਲੀ ਬਿੱਲ-2020 ਵਾਪਸ ਲਿਆ ਜਾਵੇ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਟੈਕਸ ਘਟਾਕੇ ਖੇਤੀ ਖੇਤਰ ਨੂੰ ਅੱਧੀ ਕੀਮਤ ‘ਤੇ ਡੀਜ਼ਲ ਦਿੱਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਭਾਜਪਾ ਦੇ ਆਗੂਆਂ ਨੂੰ 29 ਅਗਸਤ ਤੱਕ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਜੇ ਕੋਈ ਲੀਡਰ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਪਿੰਡ ਨਾਕੇ ਤੇ ਉਸ ਦਾ ਘਿਰਾਓ ਕਰਕੇ ਵਾਪਸ ਭੇਜਿਆ ਜਾਵੇਗਾ ਅਤੇ ਉਸ ਲੀਡਰ ਨੂੰ ਮੌਕੇ ਤੇ ਹਾਜਰ ਲੋਕਾਂ ਦੇ ਸਵਾਲਾਂ ਦੇ ਜਬਾਬ ਵੀ ਦੇਣੇ ਪੈਣਗੇ। ਇਸ ਮੌਕੇ ਮੇਜਰ ਸਿੰਘ ਭੀਖੀ, ਜੋਗਿੰਦਰ ਦਿਆਲਪੁਰਾ, ਮਲਕੀਤ ਸਿੰਘ ਝੁਨੀਰ, ਜੱਗਾ ਸਿੰਘ ਸਰਦੂਲਗੜ੍ਹ ਅਤੇ ਜਗਦੇਵ ਸਿੰਘ ਭੈਣੀਬਾਘਾ, ਉੱਤਮ ਸਿੰਘ, ਮਿੰਦਰ ਰੁਮਾਣਾ ਤੇ ਦਰਸ਼ਨ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ।