ਹਰਜੀਤ ਪਰਮਾਰ/ਦਲਬੀਰ ਸੱਖੋਵਾਲੀਆ
ਬਟਾਲਾ, 10 ਫਰਵਰੀ
ਅਰੁਣਾਚਲ ਪ੍ਰਦੇਸ਼ ਦੀ ਭਾਰਤ-ਚੀਨ ਸਰਹੱਦ ’ਤੇ ਗਸ਼ਤ ਦੌਰਾਨ ਫ਼ੌਜ ਦੀ 62 ਮੀਡੀਅਮ ਫੀਲਡ ਰੈਜੀਮੈਂਟ ਦੇ ਜਵਾਨ ਗੁਰਭੇਜ ਸਿੰਘ (22) ਪੁੱਤਰ ਗੁਰਮੀਤ ਸਿੰਘ ਪਿੰਡ ਮਸਾਣੀਆਂ (ਬਟਾਲਾ) ਬਰਫੀਲੇ ਤੂਫ਼ਾਨ ਦੀ ਲਪੇਟ ’ਚ ਆਉਣ ਕਾਰਨ ਸ਼ਹੀਦ ਹੋ ਗਿਆ। ਇਹ ਘਟਨਾ 6 ਫਰਵਰੀ ਨੂੰ ਵਾਪਰੀ। ਗੁਰਭੇਜ ਸਿੰਘ ਤਿੰਨ ਸਾਲ ਪਹਿਲਾਂ ਹੀ ਫੌਜ ’ਚ ਭਰਤੀ ਹੋਇਆ ਸੀ। ਉਹ ਭਾਰਤ-ਚੀਨ ਸਰਹੱਦ ’ਤੇ ਡਿਊਟੀ ਨਿਭਾਅ ਰਿਹਾ ਸੀ ਕਿ ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ 7 ਜਵਾਨ ਆ ਗਏ। ਇਹ ਜਵਾਨ 9 ਫਰਵਰੀ ਨੂੰ ਬਰਫ਼ ਹੇਠੋਂ ਮ੍ਰਿਤਕ ਮਿਲੇ ਸਨ। ਗੁਰਭੇਜ ਸਿੰਘ ਦੇ ਚਾਚਾ ਸੰਪੂਰਨ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਅਣਵਿਆਹਿਆ ਸੀ ਅਤੇ ਇਸ ਦੀ ਇਕ ਭੈਣ ਹੈ। ਸ਼ਹੀਦ ਦਾ ਪਿਤਾ ਵੀ ਸਾਬਕਾ ਫੌਜੀ ਹੈ। ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਪਿੰਡ ਮਸਾਣੀਆਂ ਪਹੁੰਚਣ ਦੀ ਸੰਭਾਵਨਾ ਹੈ।