ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੂਨ
ਸਰਕਾਰੀ ਨੌਕਰੀਆਂ ਵਿੱਚ ਬਣਦੀ ਰਿਜ਼ਰਵੇਸ਼ਨ ਦੇਣ ਅਤੇ ਪੰਜਾਬ ਵਿਚਲੇ ਨੇਤਰਹੀਣਾਂ ਦੇ ਇਕਲੌਤੇ ਸਕੂਲ ਵਿਚ ਸਟਾਫ ਪੂਰਾ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਨੇਤਰਹੀਣਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਉਹ ਆਪਣੇ ਢੋਲਕੀਆਂ, ਛੈਣੇ ਅਤੇ ਹਰਮੋਨੀਅਮ ਵੀ ਨਾਲ ਲੈ ਕੇ ਆਏ ਜਿਸ ਦੌਰਾਨ ਪੁਲੀਸ ਵੱਲੋਂ ਰੋਕੇ ਜਾਣ ’ਤੇ ਉਹ ਸੜਕ ‘ਤੇ ਹੀ ਧਰਨਾ ਮਾਰ ਕੇ ਬੈਠ ਗਏ ਅਤੇ ਭਜਨ ਬੰਦਗੀ ਸ਼ੁਰੂ ਕਰ ਦਿੱਤੀ। ਇਸ ਮੌਕੇ ਇਹ ਨੇਤਰਹੀਣ ਆਪਣੀਆਂ ਮੰਗਾਂ ਨੂੰ ਸੰਗੀਤ ਦੇ ਰੂਪ ਵਿੱਚ ਵੀ ਪ੍ਰਚਾਰ ਰਹੇ ਸਨ। ਉਧਰ ਇਸ ਮੌਕੇ ‘ਤੇ ਐੱਸ ਪੀ (ਸਿਟੀ) ਵਰੁਣ ਸ਼ਰਮਾ (ਆਈਪੀਐਸ) ਦੀ ਅਗਵਾਈ ਹੇਠ ਪੁਲੀਸ ਫੋਰਸ ਤਾਇਨਾਤ ਹੈ। ਧਰਨੇ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਹਿਲ ਅਤੇ ਹੋਰ ਆਗੂ ਕਰ ਰਹੇ ਹਨ।