ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 9 ਅਕਤੂਬਰ
ਸਾਲ 2015 ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਅਤੇ ਬਹਬਿਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਪਿਛਲੇ ਗਿਆਰਾਂ ਮਹੀਨਿਆਂ ਤੋਂ ਚੱਲ ਰਿਹਾ ਬਹਬਿਲ ਕਲਾਂ ਇਨਸਾਫ਼ ਮੋਰਚਾ ਦੋਫਾੜ ਹੁੰਦਾ ਵਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੋਰਚੇ ਵੱਲੋਂ 14 ਅਕਤੂਬਰ ਨੂੰ ਪਿੰਡ ਬਹਬਿਲ ਕਲਾਂ ਵਿਚ ਸੂਬਾ ਪੱਧਰੀ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਇਕੱਠ ਵਿੱਚ ਮੋਰਚੇ ਵੱਲੋਂ ਭਵਿੱਖ ’ਚ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਐਲਾਨ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਬਹਬਿਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਾਏ ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੇ ਪਿਤਾ ਨੇ ਆਪਣੇ-ਆਪ ਨੂੰ ਇਸ ਇਨਸਾਫ਼ ਮੋਰਚੇ ਤੋਂ ਵੱਖ ਕਰ ਲਿਆ ਹੈ। ਸਾਧੂ ਸਿੰਘ ਸਰਾਵਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨਾਲ ਇਸ ਮੋਰਚੇ ਨੇ ਕਿਸੇ ਤਰ੍ਹਾਂ ਦਾ ਮਸ਼ਵਰਾ ਨਹੀਂ ਕੀਤਾ, ਆਪਹੁਦਰੇ ਹੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਮੋਰਚੇ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। 14 ਅਕਤੂਬਰ ਨੂੰ ਸ਼ਹੀਦੀ ਵਾਲੇ ਦਿਨ ਉਹ ਆਪਣੇ ਘਰ ਵਿਚ ਹੀ ਪਾਠ ਰਖਵਾ ਕੇ ਆਪਣੇ ਪੁੱਤ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਕਿਹਾ ਕਿ ਜੇ ਇਨਸਾਫ਼ ਮੋਰਚੇ ਵਿੱਚ ਪਾਠ ਨਾ ਸ਼ੁਰੂ ਹੋਏ ਹੁੰਦੇ ਤਾਂ ਹੁਣ ਤੱਕ ਇਹ ਕਦੋਂ ਦਾ ਪੁਲੀਸ ਨੇ ਤਿੱਤਰ-ਬਿੱਤਰ ਕਰ ਦੇਣਾ ਸੀ। ਦੂਜੇ ਪਾਸੇ, ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਉਨ੍ਹਾਂ ਨੂੰ ਮੀਡੀਆ ਰਾਹੀਂ ਸਾਧੂ ਸਿੰਘ ਦੀ ਨਾਰਾਜ਼ਗੀ ਬਾਰੇ ਪਤਾ ਲੱਗਿਆ ਹੈ। ਉਹ ਉਨ੍ਹਾਂ ਨਾਲ ਸੰਪਰਕ ਕਰ ਕੇ ਨਾਰਾਜ਼ਗੀ ਨੂੰ ਦੂਰ ਕਰਨਗੇ।