ਜਗਤਾਰ ਸਿੰਘ
ਲੌਂਗੋਵਾਲ, 23 ਸਤੰਬਰ
ਨੌਜਵਾਨਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਲੌਂਗੋਵਾਲ ਪੁਲੀਸ ਨੇ ਔਰਤ ਸਣੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲੌਂਗੋਵਾਲ ਦੇ ਨੌਜਵਾਨ ਦੀ ਸੋਸ਼ਲ ਮੀਡੀਆ ਰਾਹੀਂ ਔਰਤ ਨਾਲ ਜਾਣ-ਪਛਾਣ ਹੋ ਗਈ। ਨੌਜਵਾਨ ਨੂੰ ਔਰਤ ਨੇ ਚੰਡੀਗੜ੍ਹ ਦੇ ਫਲੈਟ ਵਿਚ ਸੱਦਿਆ, ਜਿੱਥੇ ਉਸ ਨੌਜਵਾਨ ਦੀ ਇਤਰਾਜ਼ਯੋਗ ਵੀਡੀਓ ਬਣਾਈ ਗਈ। ਬਾਅਦ ਵਿੱਚ ਉਸ ਕਮਰੇ ਵਿੱਚ ਚਾਰ ਵਿਅਕਤੀ ਆ ਗਏ ਤੇ ਉਸ ਤੋਂ ਵੀਹ ਲੱਖ ਰੁਪਏ ਦੀ ਮੰਗ ਕਰਨ ਲੱਗੇ। ਲੜਕੇ ਨੇ ਇਨ੍ਹਾਂ ਵਿਅਕਤੀਆਂ ਨੂੰ ਡੇਢ ਲੱਖ ਰੁਪਏ ਵੀ ਦਿੱਤੇ ਪਰ ਉਹ ਫਿਰ ਬਲੈਕਮੇਲ ਕਰਨ ਲੱਗੇ, ਜਿਸ ’ਤੇ ਪੀੜਤ ਨੌਜਵਾਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਲੌਂਗੋਵਾਲ ਦੇ ਐੱਸਐੱਚਓ ਨੇ ਦੱਸਿਆ ਕਿ ਔਰਤ ਸਣੇ ਪੰਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।