ਪਾਲ ਸਿੰਘ ਨੌਲੀ
ਜਲੰਧਰ, 7 ਜਨਵਰੀ
ਪੈਰਾਸ਼ੂਟ ਰਾਹੀਂ ‘ਆਪ’ ’ਚ ਆਏ ਆਗੂਆਂ ਨੂੰ ਟਿਕਟਾਂ ਦਿੱਤੇ ਜਾਣ ਤੋਂ ਨਾਰਾਜ਼ ਧੜਿਆਂ ਨੇ ਅੱਜ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਰਾਘਵ ਚੱਢਾ ਅੱਜ ਇਥੇ ਪ੍ਰੈੱਸ ਕਲੱਬ ਵਿੱਚ ਕਾਂਗਰਸੀ ਆਗੂ ਦਿਨੇਸ਼ ਢੱਲ ਤੇ ਹੋਰਨਾਂ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਆਏ ਸਨ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਤੋਂ ‘ਆਪ’ ਦੀ ਟਿਕਟ ਭਾਜਪਾ ’ਚੋਂ ਆਏ ਆਗੂ ਸ਼ੀਤਲ ਅੰਗੁਰਾਲ ਨੂੰ ਦਿੱਤੀ ਗਈ ਹੈ, ਜਦਕਿ ਇਸ ਹਲਕੇ ਤੋਂ ਪਾਰਟੀ ਦੇ ਸੂਬਾਈ ਬੁਲਾਰੇ ਡਾ. ਸ਼ਿਵਦਿਆਲ ਮਾਲੀ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ। ਉਧਰ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਰਮਨ ਅਰੋੜਾ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਇਸ ਹਲਕੇ ਤੋਂ 2017 ’ਚ ਪਾਰਟੀ ਵੱਲੋਂ ਚੋਣ ਲੜ ਚੁੱਕੇ ਡਾ. ਸੰਜੀਵ ਸ਼ਰਮਾ ਤੇ ਕੌਂਸਲਰ ਰਹੇ ਇਕਬਾਲ ਸਿੰਘ ਢੀਂਡਸਾ ਵੀ ਟਿਕਟ ਮੰਗ ਰਹੇ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਿਤ ਰਤਨ ਤੇ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਵਾਲੀਆ ਦਾ ਛੋਟਾ ਭਰਾ ਡੀਪੀਐੱਸ ਵਾਲੀਆ ਵੀ ‘ਆਪ’ ਵਿੱਚ ਸ਼ਾਮਲ ਹੋਏ। ਰਾਘਵ ਚੱਢਾ ਨੇ ਇਨ੍ਹਾਂ ਆਗੂਆਂ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਪੰਜਾਬ ਨੂੰ ਸ਼ਾਂਤਮਈ ਅਤੇ ਖੁਸ਼ਹਾਲ ਸੂਬਾ ਬਣਾਵਾਂਗੇ: ਚੱਢਾ
ਚੰਡੀਗੜ੍ਹ (ਟਨਸ): ‘ਆਪ’ ਨੇ ਸਥਾਪਤ ਸਿਆਸੀ ਧਿਰਾਂ ’ਤੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦਾ ਮਹੌਲ ਖ਼ਰਾਬ ਕਰਨ ਦੇ ਦੋਸ਼ ਲਾਉਂਦਿਆਂ ਵਾਅਦਾ ਕੀਤਾ ਹੈ ਕਿ ‘ਆਪ’ ਦੀ ਸਰਕਾਰ ਪੰਜਾਬ ਨੂੰ ਖੁਸ਼ਹਾਲ ਅਤੇ ਸ਼ਾਂਤਮਈ ਸੂਬਾ ਬਣਾਵੇਗੀ। ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਮੌੜ ਵਿੱਚ ਬੰਬ ਧਮਾਕੇ ਹੋਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੁਝ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ।