ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਪਰੈਲ
ਪੰਜਾਬ ਵਿੱਚ ਭਾਜਪਾ ਨੂੰ ਚੋਣ ਪ੍ਰਚਾਰ ਕਰਨ ਵਿੱਚ ਚੁਣੌਤੀ ਖੜ੍ਹੀ ਹੋ ਗਈ ਹੈ, ਜਿਸ ਦੇ ਟਾਕਰੇ ਲਈ ਭਾਜਪਾ ਨਵੀਂ ਰਣਨੀਤੀ ਘੜ ਰਹੀ ਹੈ। ਇਸੇ ਤਹਿਤ ਪੇਂਡੂ ਖੇਤਰ ਵਿੱਚ ਦਲਿਤ ਭਾਈਚਾਰੇ ’ਤੇ ਧਿਆਨ ਕੇਂਦਰਿਤ ਕੀਤਾ ਜਾਣ ਲੱਗਾ ਹੈ। ਭਾਜਪਾ ਨੇ ਹੁਣ ਤੱਕ ਸੂਬੇ ਵਿੱਚ 9 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਜਦੋਂ ਇਨ੍ਹਾਂ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਸਿਰਫ਼ ਨਾਅਰੇਬਾਜ਼ੀ ਕੀਤੀ ਜਾਂਦੀ ਸੀ ਪਰ ਹੁਣ ਇਹ ਵਿਰੋਧ ਟਕਰਾਅ ਵਿੱਚ ਬਦਲਣ ਲੱਗਾ ਹੈ।
ਭਾਰਤੀ ਕਿਸਾਨ ਯੂਨੀਅਨ ਦਾ ਸਟੈਂਡ ਸਪੱਸ਼ਟ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਵਿਚ ਵੜਨ ਨਹੀਂ ਦਿੱਤਾ ਅਤੇ ਉਹ ਭਾਜਪਾ ਨੂੰ ਆਪਣੇ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ। ਬਠਿੰਡਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਤਾਂ ਕਿਸਾਨਾਂ ਦਾ ਸਾਹਮਣਾ ਵੀ ਕੀਤਾ ਹੈ। ਫ਼ਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਹੀਆ ਕੀਤਾ ਹੈ। ਜਿਉਂ ਜਿਉਂ ਚੋਣ ਪ੍ਰਚਾਰ ਭਖੇਗਾ, ਇਹ ਟਕਰਾਅ ਤੇਜ਼ ਹੋਣ ਦੀ ਸੰਭਾਵਨਾ ਹੈ। ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਕਿਸਾਨ ਧਿਰਾਂ ਬੇਸ਼ੱਕ ਵਿਰੋਧ ਕਰ ਰਹੀਆਂ ਹਨ ਪ੍ਰੰਤੂ ਐਤਕੀਂ ਪਿੰਡਾਂ ਵਿੱਚ ਵੀ ਭਾਜਪਾ ਦੇ ਖਾਤੇ ਖੁੱਲ੍ਹਣਗੇ। ਸੂਤਰ ਦੱਸਦੇ ਹਨ ਕਿ ਭਾਜਪਾ ਨੇ ਮੌਜੂਦਾ ਪ੍ਰਸਿਥਤੀਆਂ ਦੇ ਮੱਦੇਨਜ਼ਰ ਦਿਹਾਤੀ ਪੰਜਾਬ ਵਿੱਚ ਦਲਿਤ ਭਾਈਚਾਰੇ ’ਤੇ ਫੋਕਸ ਕਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਦਿਨਾਂ ਵਿੱਚ ਭਾਜਪਾ ਨੇਤਾਵਾਂ ਵੱਲੋਂ ਬਹੁਤੇ ਪ੍ਰੋਗਰਾਮ ਪਿੰਡਾਂ ਦੀਆਂ ਦਲਿਤ ਬਸਤੀਆਂ ਵਿੱਚ ਰੱਖੇ ਗਏ ਸਨ। ਭਾਜਪਾ ਨੂੰ ਉਮੀਦ ਹੈ ਕਿ ਪੇਂਡੂ ਦਲਿਤ ਵਰਗ ਉਨ੍ਹਾਂ ਦਾ ਲੜ ਫੜ ਸਕਦਾ ਹੈ। ਭਾਜਪਾ ਵੱਲੋਂ ਸ਼ਹਿਰੀ ਖੇਤਰ ’ਤੇ ਪਹਿਲਾਂ ਹੀ ਟੇਕ ਰੱਖੀ ਹੋਈ ਹੈ। ਭਾਜਪਾ ਨੂੰ ਸ਼ਹਿਰੀ ਖੇਤਰ ਵਿੱਚ ਫ਼ਾਇਦਾ ਮਿਲਣ ਦੀ ਆਸ ਹੈ। ਪੰਜਾਬ ਦੇ ਕਈ ਹਲਕਿਆਂ ਵਿੱਚ ਤਾਂ ਦਲਿਤ ਵਸੋਂ ਕਾਫ਼ੀ ਹੈ ਜਿਵੇਂ ਫ਼ਿਰੋਜ਼ਪੁਰ ਹਲਕੇ ਵਿੱਚ 43.1 ਫ਼ੀਸਦੀ ਦਲਿਤ ਵਸੋਂ ਹੈ, ਜਦੋਂ ਕਿ ਜਲੰਧਰ ਹਲਕੇ ਵਿੱਚ 39.9 ਫ਼ੀਸਦੀ ਦਲਿਤ ਆਬਾਦੀ ਹੈ। ਇਸੇ ਤਰ੍ਹਾਂ ਫ਼ਰੀਦਕੋਟ ਹਲਕੇ ਵਿੱਚ 37 ਫ਼ੀਸਦੀ, ਬਠਿੰਡਾ ਵਿੱਚ 33 ਫ਼ੀਸਦੀ, ਖਡੂਰ ਸਾਹਿਬ ਵਿੱਚ 35 ਫ਼ੀਸਦੀ, ਹੁਸ਼ਿਆਰਪੁਰ ਵਿੱਚ 33 ਫ਼ੀਸਦੀ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਵੀ 33 ਫ਼ੀਸਦੀ ਦਲਿਤ ਵਸੋਂ ਹੈ। ਭਾਜਪਾ ਆਗੂ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਜੋ ਪੰਜ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਿੱਤੀ ਹੈ, ਉਸ ਦਾ ਦਲਿਤ ਵਰਗ ਵਿੱਚ ਕਾਫ਼ੀ ਅਸਰ ਹੈ। ਦੂਜੇ ਪਾਸੇ ‘ਆਪ’ ਸਰਕਾਰ ਵੱਲੋਂ ਜੋ ਮੁਫ਼ਤ ਬਿਜਲੀ ਯੂਨਿਟਾਂ ਦੀ ਸੁਵਿਧਾ ਦਿੱਤੀ ਹੈ, ਉਸ ਕਰਕੇ ‘ਆਪ’ ਨੂੰ ਵੀ ਦਲਿਤ ਵਰਗ ਤੋਂ ਕਾਫ਼ੀ ਉਮੀਦਾਂ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਰਵਾਇਤੀ ਤੌਰ ’ਤੇ ਦਲਿਤ ਵਰਗ ਨੂੰ ਆਪਣਾ ਵੋਟ ਬੈਂਕ ਸਮਝਦੀ ਹੈ। ਭਾਜਪਾ ਨੇਤਾ ਸਮਝਦੇ ਹਨ ਕਿ ਕਿਸਾਨੀ ਵੋਟ ਬੈਂਕ ’ਚ ਉਨ੍ਹਾਂ ਨੂੰ ਬਹੁਤਾ ਹਿੱਸਾ ਨਹੀਂ ਮਿਲ ਸਕੇਗਾ, ਜਿਸ ਕਰਕੇ ਉਨ੍ਹਾਂ ਦਾ ਧਿਆਨ ਦਲਿਤ ਵਰਗ ’ਤੇ ਕੇਂਦਰਿਤ ਹੈ।