ਪਾਲ ਸਿੰਘ ਨੌਲੀ
ਜਲੰਧਰ, 31 ਮਾਰਚ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਵਿੱਚ ਪੈਦਾ ਹੋਏ ਹਾਲਾਤ ਬਾਰੇ ਜਲੰਧਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਤੋਂ ਪੰਜ-ਪੰਜ ਮੈਂਬਰ ਬੁਲਾ ਕੇ ਸਰਕਟ ਹਾਊਸ ਵਿੱਚ ਹੰਗਾਮੀ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਭਾਜਪਾ ਪ੍ਰਧਾਨ ਨੇ ਆਗੂਆਂ ਨੂੰ ਚੋਣਾਂ ਦੀਆਂ ਤਿਆਰੀਆਂ ਵਿੱਚ ਸਰਗਰਮੀ ਨਾਲ ਡਟਣ ਅਤੇ ਭਵਿੱਖ ਵਿੱਚ ਸਿਆਸੀ ਸਰਗਰਮੀਆਂ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ। ਹਾਲਾਂਕਿ ਸ੍ਰੀ ਸ਼ਰਮਾ ਨੇ ਸਰਕਟ ਹਾਊਸ ਵਿੱਚੋਂ ਨਿਕਲਣ ਸਮੇਂ ਏਨਾ ਹੀ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਦੌਰਾ ਸੀ। ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਤੇ ਬਿਨਾਂ ਗੱਲਬਾਤ ਕੀਤਿਆਂ ਚਲੇ ਗਏ। ਉਧਰ, ਭਾਜਪਾ ਵੱਲੋਂ ਮਈ ’ਚ ਸ਼ਕਤੀ ਪ੍ਰਦਰਸ਼ਨ ਕਰਨ ਬਾਰੇ ਵੀ ਪਤਾ ਲੱਗਿਆ ਹੈ।
ਅੱਜ ਸਰਕਟ ਹਾਊਸ ਵਿੱਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਿਹੜੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ, ਉਨ੍ਹਾਂ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਮੇਅਰ ਰਾਕੇਸ਼ ਰਾਠੌਰ, ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਅਮਿਤ ਅਰੋੜਾ, ਜੀਵਨ ਗੁਪਤਾ, ਸੀਤਲ ਅੰਗੂਰਾਲ ਆਦਿ ਹਾਜ਼ਰ ਸਨ। ਕਮਿਸ਼ਨਰੇਟ ਪੁਲੀਸ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਰਕਟ ਹਾਊਸ ਆਉਣ ’ਤੇ ਡੀਸੀਪੀ ਪੱਧਰ ਦੇ ਅਧਿਕਾਰੀ ਦੀ ਕਮਾਂਡ ਹੇਠ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਸਰਕਟ ਹਾਊਸ ਨੂੰ ਜਾਣ ਵਾਲੀ ਸੜਕ ਆਮ ਲੋਕਾਂ ਲਈ ਬੈਰੀਕੇਡ ਲਾ ਕੇ ਰੋਕ ਦਿੱਤੀ ਗਈ ਸੀ। ਸਰਕਟ ਹਾਊਸ ਦਾ ਗੇਟ ਵੀ ਬੰਦ ਕੀਤਾ ਗਿਆ ਸੀ। ਭਾਜਪਾ ਆਗੂ ਜਿੰਨਾ ਚਿਰ ਸਰਕਟ ਹਾਊਸ ਵਿੱਚ ਰੁਕੇ ਸਨ, ਓਨੀ ਦੇਰ ਉੱਥੇ ਅੰਦਰ ਅਤੇ ਬਾਹਰ ਪੁਲੀਸ ਦਾ ਸਖ਼ਤ ਪਹਿਰਾ ਲੱਗਾ ਰਿਹਾ। ਇੱਥੋਂ ਤਕ ਕਿ ਡੌਗ ਸਕੁਐਡ ਰਾਹੀਂ ਵੀ ਸੁਰੱਖਿਆ ਦੀ ਜਾਂਚ-ਪੜਤਾਲ ਕੀਤੀ ਗਈ।
ਸਰਕਟ ਹਾਊਸ ਵਿੱਚ ਹੀ ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫਰੰਸ ਹੋਣ ਕਾਰਨ ਉੱਥੇ ਭਾਜਪਾ ਦੇ ਸੂਬਾ ਪ੍ਰਧਾਨ ਦੇ ਆਉਣ ਬਾਰੇ ਜਾਣਕਾਰੀ ਮੀਡੀਆ ਨੂੰ ਮਿਲੀ ਸੀ, ਨਹੀਂ ਤਾਂ ਇਹ ਦੌਰਾ ਭਾਜਪਾ ਤੇ ਪੁਲੀਸ ਨੇ ਗੁਪਤ ਹੀ ਰੱਖਿਆ ਹੋਇਆ ਸੀ। ਪੁਲੀਸ ਨੂੰ ਇਸ ਗੱਲ ਦਾ ਡਰ ਸੀ ਕਿ ਕਿਧਰੇ ਭਾਜਪਾ ਆਗੂ ਦਾ ਵਿਰੋਧ ਕਰਨ ਲਈ ਕਿਸਾਨ ਨਾ ਆ ਜਾਣ।
ਇੱਕ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਾਜਪਾ ਮਈ ਮਹੀਨੇ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਰਾਹੀਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਦੀ ਥਾਂ ਬਾਰੇ ਫ਼ੈਸਲਾ ਜਲਦ ਲਿਆ ਜਾਵੇਗਾ। ਉਸ ਦਾ ਕਹਿਣਾ ਸੀ ਕਿ ਮਲੋਟ ਕਾਂਡ ਮਗਰੋਂ ਉਨ੍ਹਾਂ ਨੂੰ ਬਾਹਰ ਨਿਕਲਣਾ ਸੌਖਾ ਹੋ ਗਿਆ ਹੈ।