ਪੱਤਰ ਪ੍ਰੇਰਕ
ਭੀਖੀ, 14 ਫਰਵਰੀ
ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਚੋਣ ਪ੍ਰਚਾਰ ਕਰਨ ਪੁੱਜੇ ਹਰਿਆਣਾ ਦੇ ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਅਤੇ ਆਮ ਆਦਮੀ ਪਾਰਟੀ ਅਸਲ ਵਿੱਚ ਭਾਜਪਾ ਦਾ ਹੀ ਹਿੱਸਾ ਹੈ। ਹੁੱਡਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਕੀਤੇ ਗਏ ਜਨ ਲੋਕਪਾਲ ਵਰਗੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ। ਜੇਕਰ ਉਨ੍ਹਾਂ ਦਿੱਲੀ ਵਿੱਚ ਕੰਮ ਕੀਤੇ ਹੁੰਦੇ ਤਾਂ ਹਰਿਆਣਾ ਵਿੱਚ ਵੀ ਉਨ੍ਹਾਂ ਦੀ ਜਿੱਤ ਹੋਣੀ ਸੀ। ਇਸ ਮੌਕੇ ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੇ ਕਿਹਾ, ‘ਮੈਂ ਤੁਹਾਡਾ ਪੁੱਤਰ ਹਾਂ,ਜਿੱਤ ਕੇ ਤੁਹਾਡੇ ਵਿੱਚ ਹੀ ਰਹਾਂਗਾ ਅਤੇ ਮਾਨਸਾ ਦਾ ਸਰਬਪੱਖੀ ਵਿਕਾਸ ਕਰਾਂਗਾ।’ ਮੂਸੇਵਾਲਾ ਨੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਬਲਜੀਤ ਸਿੰਘ ਖਿਆਲਾ, ਕੇਸਰ ਸਿੰਘ ਧਲੇਵਾਂ, ਨਗਰ ਪੰਚਾਇਤ ਪ੍ਰਧਾਨ ਵਿਨੋਦ ਸਿੰਗਲਾ, ਨੀਟਾ ਜੋਸ਼ੀ ਤੇ ਸੰਦੀਪ ਮਹਿਤਾ ਹਾਜ਼ਰ ਸਨ।