ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਵੱਲੋਂ ਕਸ਼ਮੀਰ ਸਬੰਧੀ ਦਿੱਤੇ ਬਿਆਨ ਤੋਂ ਖ਼ਫ਼ਾ ਭਾਜਪਾ ਯੁਵਾ ਮੋਰਚਾ ਨੇ ਅੱਜ ਸਿੱਧੂ ਦੇ ਘਰ ਨੇੜੇ ਨੰਗੇ ਧੜ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਖਾਵਾਕਾਰੀਆਂ ਨੇ ਜਦੋਂ ਕਾਂਗਰਸ ਪ੍ਰਧਾਨ ਦੇ ਘਰ ਵੱਲ ਜਾਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਭਾਜਪਾ ਕਾਰਕੁਨਾਂ ਦੀ ਪੁਲੀਸ ਵੱਲੋਂ ਖਿੱਚ-ਧੂਹ ਵੀ ਕੀਤੀ ਗਈ ਅਤੇ ਮਗਰੋਂ ਪੁਲੀਸ ਨੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ਦੁਪਹਿਰ ਛੱਡ ਦਿੱਤਾ ਗਿਆ।
ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ ਦੀ ਅਗਵਾਈ ਹੇਠ ਭਾਜਪਾ ਕਾਰਕੁਨ ਇੱਥੇ ਹੋਲੀ ਸਿਟੀ ਦੇ ਬਾਹਰ ਇਕੱਠੇ ਹੋਏ। ਇਨ੍ਹਾਂ ਵਿੱਚ ਯੁਵਾ ਮੋਰਚਾ ਦੇ ਸੂਬਾਈ ਆਗੂ ਭਾਨੂੰ ਪ੍ਰਤਾਪ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਹਨੀ ਤੇ ਸਲਿਲ ਕਪੂਰ ਹਾਜ਼ਰ ਸਨ। ਪੁਲੀਸ ਨੇ ਸੁਰੱਖਿਆ ਵਜੋਂ ਪਹਿਲਾਂ ਹੀ ਹੋਲੀ ਸਿਟੀ ਕਲੋਨੀ ਦਾ ਗੇਟ ਬੰਦ ਕਰ ਦਿੱਤਾ ਸੀ ਅਤੇ ਇਸ ਤੋਂ ਅਗਾਂਹ ਬੈਰੀਕੇਡ ਲਾ ਦਿੱਤੇ ਸਨ। ਵਿਖਾਵਾਕਾਰੀਆਂ ਨੂੰ ਜਦੋਂ ਪੁਲੀਸ ਨੇ ਅਗਾਂਹ ਜਾਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਨੰਗੇ ਧੜ ਰੋਸ ਵਿਖਾਵਾ ਕੀਤਾ। ਇਸ ਦੌਰਾਨ ਯੁਵਾ ਮੋਰਚਾ ਦੇ ਕਾਰਕੁਨਾਂ ਦੀ ਪੁਲੀਸ ਨਾਲ ਖਿੱਚ-ਧੂਹ ਹੋਈ। ਪੁਲੀਸ ਨੇ ਵਿਖਾਵਾਕਾਰੀਆਂ ਨੂੰ ਹਿਰਾਸਤ ਵਿੱਚ ਲੈਂਦਿਆਂ ਬੱਸ ਵਿੱਚ ਬਿਠਾ ਲਿਆ, ਪਰ ਕੁਝ ਕਾਰਕੁਨ ਬੱਸ ਨੂੰ ਰੋਕਣ ਲਈ ਇਸ ਦੇ ਅੱਗੇ ਲੰਮੇ ਪੈ ਗਏ, ਜਿਨ੍ਹਾਂ ਨੂੰ ਪੁਲੀਸ ਨੇ ਜਬਰੀ ਹਟਾਇਆ। ਭਾਜਪਾ ਯੁਵਾ ਆਗੂਆਂ ਨੇ ਇਸ ਮਾਮਲੇ ਵਿੱਚ ਸ੍ਰੀ ਸਿੱਧੂ ਦਾ ਅਸਤੀਫ਼ਾ ਅਤੇ ਸਲਾਹਕਾਰ ਖ਼ਿਲਾਫ਼ ਕਾਰਵਾਈ ਮੰਗੀ।
ਕਿਸੇ ਮੁਜ਼ਾਹਰਾਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ: ਪੁਲੀਸ
ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਮੁਜ਼ਾਹਰਾਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸਗੋਂ ਇੱਥੋਂ ਹਟਾਉਣ ਦੇ ਮੰਤਵ ਨਾਲ ਬੱਸ ਵਿੱਚ ਬਿਠਾ ਕੇ ਲੈ ਗਏ ਹਨ, ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ।