ਇਕਬਾਲ ਸਿੰਘ ਸ਼ਾਂਤ
ਲੰਬੀ, 30 ਦਸੰਬਰ
ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਕੇਂਦਰ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਦੇਣ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਭਾਜਪਾ, ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਲਾਲਚ ਅਤੇ ਡਰਾਵੇ ਦੀ ਨੀਤੀ ’ਤੇ ਉੱਤਰ ਆਈ ਹੈ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਨਾਲ ਹੋਇਆ, ਜਿਸ ਨੂੰ ਭਾਜਪਾ ਜਾਂ ਜੇਲ੍ਹ ਵਿੱਚੋਂ ਇੱਕ ਰਾਹ ਚੁਣਨ ਲਈ ਆਖਿਆ ਗਿਆ। ਆਖ਼ਰ ਉਸ ਨੇ ਭਾਜਪਾ ’ਚ ਜਾਣ ਦਾ ਫੈਸਲਾ ਲਿਆ। ਕੇਂਦਰ ਲਈ ਜ਼ੈੱਡ ਸੁਰੱਖਿਆ ਕਿਸੇ ਨੂੰ ਦੇਣਾ ਵੱਡੀ ਗੱਲ ਨਹੀਂ ਹੁੰਦੀ। ਸਿੰਘੇਵਾਲਾ ਵਿੱਚ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਪੰਜਾਬ ਦੇ ਆਗੂਆਂ ਨੂੰ ਭਾਜਪਾ ਤੋਂ ਬਚਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਸਾਨਾਂ ਵੱਲੋਂ ਪੰਜਾਬ ’ਚ ਬਣਾਏ ਸੰਯੁਕਤ ਸਮਾਜ ਮੋਰਚੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਤੋਂ ਪਹਿਲਾਂ ਸ੍ਰੀ ਬਾਦਲ ਨੇ ਲੰਬੀ, ਚੰਨੂ, ਚੰਨੂ ਪੂਰਬੀ, ਗੱਗੜ ਅਤੇ ਸਿੰਘੇਵਾਲਾ ’ਚ ਜਲਸਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਭਾਸ਼ਾਈ ਅਤੇ ਪਾਣੀਆਂ ਪੱਖੋਂ ਕੱਖੋਂ ਹੌਲਾ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਉਲਟ ਚੱਲਣ ਵਾਲਾ ਆਗੂ ਦੱਸਦੇ ਕਿਹਾ ਕਿ ਥਰਮਲ ਪਲਾਂਟਾਂ ਅਤੇ ਫ਼ਸਲਾਂ ਦੀ ਪਰਾਲੀ ਦੇ ਧੂੰਏਂ ਨੂੰ ਲੈ ਕੇ ਪੰਜਾਬੀ ਦੀ ਕਿਰਸਾਨੀ ਦਾ ਵਿਰੋਧ ਕਰਨ ਵਾਲੇ ਵਿਅਕਤੀ ਨੂੰ ਸੂਬੇ ਦੀ ਵਾਗਡੋਰ ਫੜਾਉਣਾ ਖ਼ਤਰਾ ਮੁੱਲ ਲੈਣ ਦੇ ਬਰਾਬਰ ਹੈ। ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਦਿਆਲ ਸਿੰਘ, ਅਵਤਾਰ ਸਿੰਘ ਬਨਵਾਲਾ, ਰਵਿੰਦਰ ਸਿੰਘ ਬਰਾੜ ਮੌਜੂਦ ਸਨ।