ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਛੁਟਕਾਰਾ ਚਾਹੁੰਦੀ ਸੀ ਪਰ ਗਠਜੋੜ ਤੋੜਨ ਦਾ ਪਾਪ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਸੀ। ਭਾਜਪਾ ਦੇ ਰੁੱਖੇ ਤੇ ਅਪਮਾਨਿਤ ਵਿਵਹਾਰ ਕਰਕੇੇ ਸ਼੍ਰੋਮਣੀ ਅਕਾਲੀ ਦਲ ਨੂੰ ਨਾਤਾ ਤੋੜਨ ਦਾ ਫੈਸਲਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇੇ ਅਕਾਲੀ ਦਲ ਲਈ ਕੋਈ ਹੋਰ ਰਾਹ ਹੀ ਨਹੀਂ ਛੱਡਿਆ ਸੀ। ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੂੰ ਤਾਜ਼ਾ ਫੈਸਲਾ ਕਿਸਾਨਾਂ ਦੇ ਗੁੱਸੇ ਤੋਂ ਡਰ ਕੇ ਕਰਨਾ ਪਿਆ ਹੈ ਪਰ ਨਾਲ ਹੀ ਅਕਾਲੀ ਆਗੂਆਂ ਨੂੰ ਪ੍ਰਧਾਨ ਮੰਤਰੀ ਦਾ ਡਰ ਵੀ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਾਲਤ ਤਾਂ ਚੱਕੀ ਦੇ ਦੋ ਪੁੜਾਂ ਵਿਚਕਾਰ ਫਸੇ ਹੋਣ ਵਰਗੀ ਹੋ ਗਈ ਹੈ ਪਰ ਉਨ੍ਹਾਂ ਨੇ ਐਨਡੀਏ ਛੱਡ ਕੇ ਇਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਹਾਲੇ ਵੀ ਭਾਜਪਾ ਨਾਲੋਂ ਸਬੰਧ ਨਹੀਂ ਸੀ ਤੋੜਨਾ ਚਾਹੁੰਦੇ ਅਤੇ ਭਾਜਪਾ ਨਾਲ ਚਿਪਕੇ ਰਹਿਣਾ ਚਾਹੁੰਦੇ ਸਨ ਤਾਂ ਹੀ ਤਾਂ ਅਕਾਲੀ ਦਲ ਨੇ ਭਾਜਪਾ ਵੱਲੋਂ ਉਨ੍ਹਾਂ ਨੂੰ ਵਜ਼ਾਰਤ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤੇ ਜਾਣ ਤੋਂ ਬਾਅਦ ਵੀ ਐਨਡੀਏ ਤੋਂ ਅੱਡ ਹੋਣ ਦਾ ਐਲਾਨ ਨਹੀਂ ਸੀ ਕੀਤਾ। ਇੱਥੋਂ ਤੱਕ ਕਿ ਹਰਸਿਮਰਤ ਕੌਰ ਬਾਦਲ ਤਾਂ ਹਾਲੇ ਵੀ ਖੇਤੀ ਕਾਨੂੰਨਾਂ ਨੂੰ ਕਿਸਾਨੀ ਵਿਰੋਧੀ ਨਹੀਂ ਮੰਨਦੇ।