ਜਸਬੀਰ ਸਿੰਘ ਚਾਨਾ
ਫਗਵਾੜਾ, 28 ਜਨਵਰੀ
ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਲਈ ਪਿੰਡ ਪੱਧਰ ’ਤੇ ਜਾਵੇਗੀ ਤੇ ਉਨ੍ਹਾਂ ਨਾਲ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰੇਗੀ ਤਾਂ ਕਿ ਪੰਜਾਬ ’ਚ ਭਾਜਪਾ ਦੀ ਜਿੱਤ ਯਕੀਨੀ ਬਣ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਈਵਾਲ ਪਾਰਟੀ ਸੀ ਜਿਸ ਨੇ ਭਾਜਪਾ ਨੂੰ ਪਿੰਡਾਂ ’ਚ ਜਾਣ ਨਹੀਂ ਦਿੱਤਾ ਪਰ ਹੁਣ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ ਨਾਲ ਆਪਣੇ ਪਰਿਵਾਰ ਵਾਂਗ ਵਿਚਰਨਗੇ ਤੇ ਉਨ੍ਹਾਂ ਦੇ ਸੰਪਰਕ ਵਿਚ ਰਹਿਣਗੇ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਭਾਵੇਂ ਕਿਸਾਨਾਂ ਦੇ ਮਨਾਂ ਵਿਚ ਗੁੱਸਾ ਸੀ ਪਰ ਬਿੱਲ ਵਾਪਸ ਲੈਣ ਨਾਲ ਜਿਹੜੇ ਸਹੀ ਕਿਸਾਨ ਸੀ ਉਹ ਤਾਂ ਆਪੋ ਆਪਣੇ ਘਰ ਆ ਕੇ ਬੈਠ ਗਏ ਹਨ ਪਰ ਜਿਨ੍ਹਾਂ ਦੀ ਸੋਚ ਸਿਆਸੀ ਹੈ ਉਹ ਚੋਣਾਂ ਵਿਚ ਨਿੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਮੁਆਫੀ ਮੰਗ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਸੀ। ਬੰਦੀ ਸਿੱਖਾਂ ਦੀ ਰਿਹਾਈ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਲੇ ਤੱਕ ਉਨ੍ਹਾਂ ਕੋਲ ਨਹੀਂ ਪੁੱਜਾ ਪਰ ਉਹ ਇਸ ਮਾਮਲੇ ਨੂੰ ਹੁਣ ਗੰਭੀਰਤਾ ਨਾਲ ਪੇਸ਼ ਕਰਨਗੇ ਤਾਂ ਜੋ ਇਸ ਵਰਗ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਜਿੱਤਣ ਮਗਰੋਂ ਹੀ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਵੇਗਾ।