ਖੇਤਰੀ ਪ੍ਰਤੀਨਿਧ
ਪਟਿਆਲਾ, 4 ਦਸੰਬਰ
ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਦੇ ਸਾਰੇ 117 ਹਲਕਿਆਂ ਤੋਂ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇਗੀ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੇ ਭਾਜਪਾ ਦੇ ਗੱਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਾਰੇ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਪ੍ਰੋਗਰਾਮ ਹੈ। ਜੇ ਕੋਈ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ। ਅਸ਼ਵਨੀ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਕੋਈ ਅਜਿਹੀ ਵਿਧੀ ਬਣਾਉਣ, ਜਿਸ ਨਾਲ ਹਰ ਪਾਰਟੀ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰਨ ਲਈ ਪਾਬੰਦ ਹੋਵੇ। ਜਦੋਂ ਸ੍ਰੀ ਸ਼ਰਮਾ ਨੂੰ ਪੁੱਛਿਆ ਗਿਆ ਕਿ ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਹਿੰਦੂ ਹੋਵੇਗਾ ਜਾਂ ਸਿੱਖ, ਤਾਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਪੰਜਾਬੀ ਹੋਵੇਗਾ। ਉਹ ਅੱਜ ਇੱਥੇ ਭਾਜਪਾ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਹੇਠ ਹੋਏ ਇੱਕ ਸਮਾਗਮ ’ਚ ਸ਼ਿਰਕਤ ਕਰਨ ਆਏ ਸਨ। ਇਸ ਦੌਰਾਨ ਗੁਰਤੇਜ ਢਿੱਲੋਂ, ਭੁਪੇਸ਼ ਅਗਰਵਾਲ, ਸੁਭਾਸ਼ ਵਰਮਾ, ਜੈਬੰਸ ਸਿੰਘ, ਸੁਖਵਿੰਦਰ ਕੌਰ ਨੌਲੱਖਾ, ਅਜੈ ਥਾਪਰ, ਐੱਸ.ਕੇ ਦੇਵ, ਬਲਵੰਤ ਰਾਏ ਤੇ ਜਗਦੀਪ ਸੋਢੀ ਵੀ ਮੌਜੂਦ ਸਨ।