ਗਗਨਦੀਪ ਅਰੋੜਾ
ਲੁਧਿਆਣਾ, 29 ਨਵੰਬਰ
ਸਨਅਤੀ ਸ਼ਹਿਰ ਦੇ ਪ੍ਰਾਚੀਨ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਵਿੱਚ ਮੱਥਾ ਟੇਕ ਕੇ ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਬੂਥ ਵਰਕਰਾਂ ਨਾਲ ਚੋਣਾਂ ਲਈ ਮੀਟਿੰਗ ਕੀਤੀ। ਉਨ੍ਹਾਂ ਚੋਣਾਂ ਲਈ ਵਰਕਰਾਂ ਵਿੱਚ ਜੋਸ਼ ਭਰਿਆ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਅਕਾਲੀ ਦਲ ਨਾਲ ਸਮਝੌਤਾ ਸਹੀ ਸਮੇਂ ’ਤੇ ਟੁੱਟਿਆ ਹੈ। ਉਨ੍ਹਾਂ ਅਕਾਲੀ ਦਲ ਨਾਲ ਗੱਠਜੋੜ ਨੂੰ ਘਾਟੇ ਦਾ ਸੌਦਾ ਕਰਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਉਹ ਪੰਜਾਬ ਦੀਆਂ 117 ਸੀਟਾਂ ’ਤੇ ਇਕੱਲੇ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਜਿਸ ਤਰ੍ਹਾਂ ਐਲਾਨ ਕਰ ਰਹੇ ਹਨ, ਉਹ ਪੂਰੇ ਹੋਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ 18 ਸਾਲ ਤੋਂ ਉਪਰ ਦੀਆਂ ਔਰਤਾਂ ਨੂੰ ਉਹ ਇਕ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣਗੇ, ਜੋ ਕਦੇ ਵੀ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਵੀ ਕਿਸੇ ਹੋਰ ਦੇ ਨਾਂ ’ਤੇ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਚੋਣ ਲੜੇਗੀ ਤੇ ਪ੍ਰਧਾਨ ਮੰਤਰੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ’ਚ ਦੌਰਾਨ ਜ਼ਿਲ੍ਹੇ ਦੇ ਕਈ ਆਗੂ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਜਿੱਥੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲਿਆ, ਉੱਥੇ ਹੀ ਜਲ ਅਭਿਸ਼ੇਕ ਵੀ ਕੀਤਾ। ਮੰਦਰ ਦੇ ਮਹੰਤ ਨਾਰਾਇਣ ਪੁਰੀ ਨੇ ਸੂਬਾ ਪ੍ਰਧਾਨ ਨੂੰ ਪ੍ਰਾਚੀਨ ਮੰਦਰ ਦੇ ਮਹੱਤਵ ਬਾਰੇ ਦੱਸਿਆ। ਇਸ ਤੋਂ ਇਲਾਵਾ ਮੰਦਰ ਕਮੇਟੀ ਵੱਲੋਂ ਭਾਜਪਾ ਪ੍ਰਧਾਨ ਸਮੇਤ ਸਾਰੇ ਆਗੂਆਂ ਦਾ ਸਨਮਾਨ ਕੀਤਾ ਗਿਆ।