ਪੱਤਰ ਪ੍ਰੇਰਕ
ਫਗਵਾੜਾ, 15 ਜੁਲਾਈ
ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਕਾਇਮ ਰੱਖਣ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਕੰਮ ਕਰੇਗੀ ਤੇ ਜੇਕਰ ਲੋੜ ਪਈ ਤਾਂ ਪਾਰਟੀ ਆਗੂ ਤੇ ਵਰਕਰ ਸੜਕਾਂ ’ਤੇ ਵੀ ਉਤਰਨਗੇ। ਇਹ ਗੱਲਾਂ ਪਾਰਟੀ ਦੇ ਸੂਬਾ ਇੰਚਾਰਜ ਯਸ਼ਵੰਤ ਗੌਤਮ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਇਥੇ ਇੱਕ ਹੋਟਲ ਵਿੱਚ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਥੇ ਰੋਜ਼ਾਨਾ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਪੰਜਾਬ ਵਿੱਚ ਸਰਕਾਰ ਬਣੀ ਨੂੰ ਓਨੇ ਦਿਨ ਨਹੀਂ ਹੋਏ ਜਿੰਨੇ ਕਤਲ ਇਥੇ ਸਰਕਾਰ ਬਣਨ ਮਗਰੋਂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਰਾਘਵ ਚੱਢਾ ਦੀ ਨਿਯੁਕਤੀ ਅਸਲ ਵਿੱਚ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਕਿਉਂਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਇਹ ਨਹੀਂ ਸੀ ਦੱਸਿਆ ਕਿ ਜਿੱਤਣ ਮਗਰੋਂ ਉਹ ਪੰਜਾਬ ’ਚ ਦਿੱਲੀ ਦੇ ਆਗੂਆਂ ਦੀਆਂ ਨਿਯੁਕਤੀਆਂ ਕਰਨਗੇ, ਪਰ ਹੁਣ ਇੰਜ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਸਬੰਧੀ ਸਾਰੇ ਅਹਿਮ ਫ਼ੈਸਲੇ ਹੁਣ ਦਿੱਲੀ ਦੇ ਆਗੂ ਹੀ ਲਿਆ ਕਰਨਗੇ। ਉਨ੍ਹਾਂ ਕਿਹਾ ਕਿ ਬਿਜਲੀ ਮੁਫ਼ਤ ਦੇਣ ਦੇ ਵਾਅਦੇ ’ਤੇ ਵੀ ਸਰਕਾਰ ਹੁਣ ਵੱਖ ਵੱਖ ਬਹਾਨੇ ਲਾ ਕੇ ਬਚਣ ਦਾ ਯਤਨ ਕਰ ਰਹੀ ਹੈ, ਪਰ ਪੰਜਾਬ ਭਾਜਪਾ ਸੂਬਾ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੋਖਾਧੜੀ ਨੂੰ ਲੋਕ ਸਮਝਣ ਲੱਗ ਪਏ ਹਨ ਤਾਂ ਹੀ ਸੰਗਰੂਰ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਮਾਨ ਦੀ ਜਿੱਤ ਹੋਈ ਹੈ। ਅਕਾਲੀ ਦਲ ਨਾਲ ਸਮਝੌਤੇ ਬਾਰੇ ਉਨ੍ਹਾਂ ਦੱਸਿਆ ਕਿ ਭਾਜਪਾ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ।