ਚਰਨਜੀਤ ਭੁੱਲਰ
ਚੰਡੀਗੜ੍ਹ, 12 ਦਸੰਬਰ
ਭਾਜਪਾ ਨੇ ‘ਮਿਸ਼ਨ ਪੰਜਾਬ’ ਸਬੰਧੀ ਸਿਆਸੀ ਰਣਨੀਤੀ ਘੜ ਲਈ ਹੈ, ਜਿਸ ਤਹਿਤ ਪੰਜਾਬ ਨੂੰ ਸਨਅਤੀ ਪੈਕੇਜ ਮਿਲਣ ਦੀ ਸੰਭਾਵਨਾ ਹੈ। ਭਾਜਪਾ ਨੇ ਤਿੰਨੇ ਖੇਤੀ ਕਾਨੂੰਨਾਂ ਕਾਰਨ ਪੰਜਾਬ ’ਚ ਪਾਰਟੀ ਪ੍ਰਤੀ ਬਣੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਤੇ ਧਰਾਤਲ ’ਤੇ ਖੁੱਸੀ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਨਵੇਂ ਪੈਂਤੜੇ ਲਏ ਹਨ। ਜਾਣਕਾਰੀ ਅਨੁਸਾਰ ਭਾਜਪਾ ਵੱਲੋਂ 14 ਦਸੰਬਰ ਤੋਂ ਲੁਧਿਆਣਾ ਵਿੱਚ ਪਾਰਟੀ ਵਰਕਰਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਣਾ ਹੈ। ਇਨ੍ਹਾਂ ਸਮਾਗਮਾਂ ਵਿੱਚ ਪੰਜਾਬ ਇੰਚਾਰਜ ਗਜੇਂਦਰ ਸ਼ੇਖਾਵਤ, ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਮੀਨਾਕਸ਼ੀ ਲੇਖੀ ਪਹੁੰਚ ਰਹੇ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਸਮਾਗਮਾਂ ਵਿੱਚ ਪਟਿਆਲਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਦੋ ਵੱਡੇ ਅਕਾਲੀ ਪਰਿਵਾਰ ਵੀ ਭਾਜਪਾ ਵਿੱਚ ਸ਼ਮੂਲੀਅਤ ਕਰ ਸਕਦੇ ਹਨ। ਚੋਣ ਰਣਨੀਤੀ ਤਹਿਤ ਭਾਜਪਾ ਨੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਚੋਣ ਰਣਨੀਤੀ ਘਾੜੇ ਵੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਕਰ ਦਿੱਤੇ ਹਨ। ਬੀਤੇ ਦਿਨ ਹਰ ਜ਼ਿਲ੍ਹੇ ਵਿੱਚ ਤਿੰਨ ਆਗੂ ਪਹੁੰਚ ਗਏ ਹਨ, ਜਿਨ੍ਹਾਂ ਵੱਲੋਂ ਜ਼ਮੀਨੀ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ। ਕੇਂਦਰ ਸਰਕਾਰ ਇਸ ਕੜੀ ਤਹਿਤ ਪੰਜਾਬ ਨੂੰ ਸਨਅਤੀ ਪੈਕੇਜ ਵੀ ਦੇਣ ਦੀ ਇੱਛੁਕ ਹੈ।
ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕੱਲ੍ਹ ਪੰਜਾਬ ਦੇ ਗੋਬਿੰਦਗੜ੍ਹ, ਲੁਧਿਆਣਾ ਤੇ ਜਲੰਧਰ ਵਿੱਚ ਸਨਅਤਕਾਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ, ਜਿਨ੍ਹਾਂ ਵਿੱਚ ਸਨਅਤਕਾਰਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਤੇ ਉਨ੍ਹਾਂ ਦੀਆਂ ਮੰਗਾਂ ਵੀ ਨੋਟ ਕੀਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਸਨਅਤਕਾਰਾਂ ਨੂੰ ਇਸ਼ਾਰਾ ਮਿਲਿਆ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਤੋਹਫ਼ਾ ਦਿੱਤਾ ਜਾਵੇਗਾ। ਇਸੇ ਦੌਰਾਨ ਲੁਧਿਆਣਾ ਦੇ ਸਨਅਤਕਾਰਾਂ ਦੇ ਵਫ਼ਦ ਨੂੰ ਭਾਜਪਾ ਆਗੂਆਂ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਵੀ ਮਿਲਾਇਆ ਹੈ। ਜਾਣਕਾਰੀ ਅਨੁਸਾਰ ਆਉਂਦੇ ਦਿਨਾਂ ਵਿੱਚ ਵੀ ਪੰਜਾਬ ਤੋਂ ਹੋਰ ਕਈ ਵਫ਼ਦ ਕੇਂਦਰੀ ਵਜ਼ੀਰਾਂ ਨੂੰ ਮਿਲਣ ਜਾਣਗੇ।
ਭਾਜਪਾ ਨੇ ਇਹ ਏਜੰਡਾ ਵੀ ਮੁੱਖ ਰੱਖਿਆ ਹੈ ਕਿ ਪਾਰਟੀ ਦੀ ਦਿੱਖ ਪੰਜਾਬ ਪੱਖੀ ਬਣਾਉਣ ਲਈ ਵੱਧ ਤੋਂ ਵੱਧ ਸਿੱਖ ਚਿਹਰੇ ਪਾਰਟੀ ਵਿੱਚ ਸ਼ਾਮਲ ਕੀਤੇ ਜਾਣੇ ਹਨ। ਕੇਂਦਰ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦੇ ਵੇਰਵੇ ਵੀ ਪਬਲਿਸਿਟੀ ਦਾ ਹਿੱਸਾ ਬਣਾਏ ਗਏ ਹਨ। ਭਾਜਪਾ ਨੇ ਅੱਜ 3.57 ਮਿੰਟ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿੱਚ ਸਿੱਖ ਭਾਈਚਾਰੇ ਲਈ ਕੀਤੇ 13 ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਭਾਜਪਾ ਵੱਲੋਂ ਇਸ ਸਬੰਧੀ 71 ਪੰਨਿਆਂ ਦਾ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ ਸੀ।
ਕਿਸਾਨੀ ਘੋਲ ਸਬੰਧੀ ਪੰਜਾਬ ਦੇ ਲੋਕ ਮਨਾਂ ਦੀ ਥਾਹ ਪਾਉਣ ਵਿੱਚ ਭਾਜਪਾ ਜੁਟੀ ਹੋਈ ਹੈ ਤੇ ਲੋਕਾਂ ਵਿੱਚ ਪਾਰਟੀ ਪ੍ਰਤੀ ਬਣੀ ਕੁੜੱਤਣ ਨੂੰ ਮੱਠਾ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਭਾਜਪਾ ਨੇ ਜ਼ਿਲ੍ਹਾ ਆਗੂਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਾਰਟੀ ਨਾਲ ਵੱਧ ਤੋਂ ਵੱਧ ਸਿੱਖ ਚਿਹਰੇ ਜੋੜੇ ਜਾਣ। ਉਚੇਚੀ ਹਦਾਇਤ ਹੈ ਕਿ ਪਾਰਟੀ ਦੀ ਹਰ ਛੋਟੀ ਵੱਡੀ ਸਟੇਜ ’ਤੇ ਵੱਧ ਤੋਂ ਵੱਧ ਸਿੱਖ ਚਿਹਰੇ ਦਿਖਣੇ ਚਾਹੀਦੇ ਹਨ। ਦਲਿਤ ਭਾਈਚਾਰੇ ਦੀ ਲਾਮਬੰਦੀ ਦਾ ਜ਼ਿੰਮਾ ਰਾਜ ਸਭਾ ਮੈਂਬਰ ਤੇ ਲੋਕ ਗਾਇਕ ਹੰਸ ਰਾਜ ਹੰਸ ਨੂੰ ਦਿੱਤਾ ਗਿਆ ਹੈ।
ਪਿਛਾਂਹ ਨਜ਼ਰ ਮਾਰੀਏ ਤਾਂ 2017 ਦੀਆਂ ਚੋਣਾਂ ਵਿੱਚ ਭਾਜਪਾ ਦੇ ਤਿੰਨ ਉਮੀਦਵਾਰ ਜਿੱਤੇ ਸਨ, ਜਦਕਿ 2012 ਵਿੱਚ ਜਿੱਤੀਆਂ ਸੀਟਾਂ ਦੀ ਗਿਣਤੀ 12 ਸੀ। 2007 ਵਿੱਚ ਭਾਜਪਾ ਦੇ 19 ਉਮੀਦਵਾਰ ਜਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲਹਿਦਾ ਹੋ ਕੇ ਭਾਜਪਾ ਕਾਫ਼ੀ ਅਰਸੇ ਮਗਰੋਂ ਇਸ ਵਾਰ ਪਹਿਲੀ ਚੋਣ ਲੜੇਗੀ। ਭਾਜਪਾ ਦੀ ਅੱਖ ਹਿੰਦੂ ਭਾਈਚਾਰੇ ’ਤੇ ਹੈ। ਭਾਜਪਾ ਨੇ ਹੇਠਲੇ ਆਗੂਆਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਪਿੰਡਾਂ ਵਿੱਚ ਦੌਰਾ ਕਰਕੇ ਕਿਸਾਨਾਂ ਦੇ ਮਨਾਂ ਵਿਚੋਂ ਬੇਗਾਨਗੀ ਵਾਲੀ ਭਾਵਨਾ ਨੂੰ ਕੱਢਿਆ ਜਾਵੇ।
ਮੀਨਾਕਸ਼ੀ ਲੇਖੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੂੰ ਪੰਜਾਬ ਦਾ ਸਹਿ-ਇੰਚਾਰਜ ਥਾਪਿਆ ਗਿਆ ਹੈ, ਜਿਨ੍ਹਾਂ ਨੇ ਅੱਜ ਪਾਰਟੀ ਦੀਆਂ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਅੰਮ੍ਰਿਤਸਰ ਦੌਰੇ ਦੌਰਾਨ ਸ਼ਾਮ ਨੂੰ ਉਨ੍ਹਾਂ ਦਰਬਾਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਅੱਜ ਇਥੇ ਭਾਜਪਾ ਆਗੂਆਂ ਨਾਲ ਮੀਟਿੰਗ ਵੀ ਕੀਤੀ। ਭਾਜਪਾ ਦੇੇ ਖੰਨਾ ਸਮਾਰਕ ਵਿੱਚ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਆਖਿਆ ਕਿ ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਜਥੇਬੰਦਕ ਤਿਆਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਵਿਕਾਸ ਦੀ ਗਤੀ ਤੇਜ਼ ਹੈ। ਜੇ ਪੰਜਾਬ ਵਿਚ ਭਾਜਪਾ ਸਰਕਾਰ ਆਵੇਗੀ ਤਾਂ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਅਪਰਾਧ ਮੁਕਤ ਸੂਬਾ ਬਣਾਇਆ ਜਾਵੇਗਾ।
ਸ਼ਹਾਦਤਾਂ ਨਹੀਂ ਭੁੱਲਣਗੇ ਪੰਜਾਬੀ: ਰਾਜਿੰਦਰ ਸਿੰਘ
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਚੇਤਾ ਇੰਨਾ ਮਾੜਾ ਨਹੀਂ ਹੈ ਕਿ ਉਹ 700 ਕਿਸਾਨਾਂ-ਮਜ਼ਦੂਰਾਂ ਦੀ ਸ਼ਹਾਦਤ ਨੂੰ ਭੁੱਲ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਦਿੱਲੀ ਵਿੱਚ ਅੰਦੋਲਨ ਖ਼ਿਲਾਫ਼ ਭਾਜਪਾ ਵੱਲੋਂ ਫੈ਼ਲਾਏ ਦੁਰਪ੍ਰਚਾਰ ਨੂੰ ਵੀ ਮਨ ’ਚ ਰੱਖੀ ਬੈਠੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕੋਈ ਵੀ ਸ਼ੋਸ਼ੇ ਫੈ਼ਲਾਏ, ਪਰ ਹਕੀਕਤ ਵਿੱਚ ਉਨ੍ਹਾਂ ਦੇ ਪੈਰ ਪੰਜਾਬ ’ਚ ਨਹੀਂ ਲੱਗਣਗੇ।