ਦਵਿੰਦਰ ਪਾਲ
ਚੰਡੀਗੜ੍ਹ, 15 ਜੁਲਾਈ
ਵਜ਼ੀਫ਼ਾ ਘਪਲੇ, ਦਲਿਤ ਔਰਤਾਂ ਅਤੇ ਕੁੜੀਆਂ ਦੇ ਸਰੀਰਕ ਸ਼ੋਸ਼ਣ ਅਤੇ ਦਲਿਤ ਸਮਾਜ ’ਤੇ ਅੱਤਿਆਚਾਰ ਖ਼ਿਲਾਫ਼ ਅੱਜ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ ਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਪੁਲੀਸ ਨੇ ਭਾਜਪਾ ਵਰਕਰਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਭਾਜਪਾ ਦੀ ਸਾਬਕਾ ਵਿਧਾਇਕਾ ਸੀਮਾ ਦੇਵੀ ਦੀ ਬਾਂਹ ਟੁੱਟ ਗਈ ਅਤੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਨੂੰ ਮੋਢੇ ’ਚ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਸੈਂਕੜੇ ਵਰਕਰ ਜ਼ਖ਼ਮੀ ਹੋ ਗਏ। ਪੁਲੀਸ ਨੇ ਸੈਂਕੜੇ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਮਗਰੋਂ ਰਿਹਾਅ ਕਰ ਦਿੱਤਾ।
ਅੱਜ ਭਾਜਪਾ ਦੇ ਜਨਰਲ ਸੱਕਤਰ ਰਾਜੇਸ਼ ਬਾਘਾ, ਭਾਜਪਾ ਐੱਸ.ਸੀ. ਮੋਰਚੇ ਦੇ ਇੰਚਾਰਜ ਰਾਕੇਸ਼ ਗਿੱਲ, ਐੱਸਸੀ ਮੋਰਚੇ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕ ਅਤੇ ਵਰਕਰ ਚੰਡੀਗੜ੍ਹ ਦੇ ਸੈਕਟਰ-25 ਦੀ ਰੈਲੀ ਗਰਾਊਂਡ ਵਿੱਚ ਇਕੱਠੇ ਹੋਏ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਆਗੂ ਦਿਨੇਸ਼ ਕੁਮਾਰ ਵੀ ਪੁੱਜੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਮਗਰੋਂ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਚਾਲੇ ਪਾਏ ਤਾਂ ਭਾਰੀ ਪੁਲੀਸ ਬਲ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ।
ਇਸ ਮੌਕੇ ਰਾਜੇਸ਼ ਬਾਘਾ ਨੇ ਕਿਹਾ ਕਿ ਦਲਿਤਾਂ ਦੇ ਹੱਕਾਂ ਲਈ ਲੜਨ ਦੇ ਖੋਖਲੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੰਤਰੀ ਦਲਿਤਾਂ ਲਈ ਆਏ ਫੰਡ ਡਕਾਰ ਰਹੇ ਹਨ, ਪਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਵਿੱਚ ਸੌਂ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੀ ਕਰੋੜਾਂ ਰੁਪਏ ਦੀ ਵਜ਼ੀਫ਼ਾ ਰਾਸ਼ੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਬਨ ਕਰ ਲਈ, ਪਰ ਕੈਪਟਨ ਅਜੇ ਵੀ ਚੁੱਪ ਹਨ। ਉਨ੍ਹਾਂ ਕਿਹਾ ਕਿ ਭਾਜਪਾ ਐੱਸਸੀ ਮੋਰਚਾ ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇ ਕੈਪਟਨ ਨੇ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰ ਕੇ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਦਲਿਤ ਸਮਾਜ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਭਾਜਪਾ ਆਗੂਆਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਪੁਲੀਸ ਦੀ ਤਾਕਤ ਨਾਲ ਦਲਿਤ ਭਾਈਚਾਰੇ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ।