ਦੀਪਕ ਠਾਕੁਰ
ਤਲਵਾੜਾ, 15 ਨਵੰਬਰ
ਕਸਬਾ ਹਾਜ਼ੀਪੁਰ ਵਿੱਚ ਅੱਜ ਭਾਜਪਾ ਨੂੰ ਬਦਤਰ ਸਿਹਤ ਸਹੂਲਤਾਂ ਖ਼ਿਲਾਫ਼ ਪੀਐੱਚਸੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਜਾ ਰਿਹਾ ਧਰਨਾ ਕਿਸਾਨਾਂ ਦੇ ਵਿਰੋਧ ਕਾਰਨ 15 ਮਿੰਟਾਂ ’ਚ ਚੁੱਕਣਾ ਪੈ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਸਥਾਨਕ ਵਰਕਰਾਂ ਨੇ ਹਲਕਾ ਮੁਕੇਰੀਆਂ ਇੰਚਾਰਜ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਸਵੇਰੇ 10 ਤੋਂ 12 ਵਜੇ ਤੱਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ, ਜਿਸ ਦੀ ਇਲਾਕੇ ਦੇ ਕਿਸਾਨਾਂ ਨੂੰ ਭਿਣਕ ਲੱਗ ਗਈ। ਕਿਸਾਨ ਆਗੂ ਸੁਖਵਿੰਦਰ ਵਾਹਲਾ, ਅਜਾਇਬ ਸਿੰਘ ਤੇ ਹੈਪੀ ਸੜੋਆ ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕੀਤਾ। ਟਕਰਾਅ ਵਧਦਾ ਦੇਖ ਹਾਜ਼ੀਪੁਰ ਥਾਣੇ ਦੇ ਮੁਖੀ ਲੋਮੇਸ਼ ਸ਼ਰਮਾ ਨੇ ਨਾਇਬ ਤਹਿਸੀਲਦਾਰ ਤਲਵਾੜਾ ਨੂੰ ਬੁਲਾ ਕੇ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਦਿਵਾ ਕੇ 15 ਮਿੰਟਾਂ ਵਿੱਚ ਹੀ ਧਰਨਾ ਚੁਕਵਾ ਦਿੱਤਾ। ਕਿਸਾਨ ਆਗੂ ਪ੍ਰੀਤਮ ਸਿੰਘ, ਅਮਰਜੀਤ ਸਿੰਘ ਤੇ ਹਰਭਜਨ ਸਿੰਘ ਬੇਲਾ ਸਰਿਆਣਾ ਨੇ ਕਿਹਾ ਕਿ ਖੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਕਰਕੇ ਭਾਜਪਾ ਕਾਰਕੁਨਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਹੁਣ ਇਹ ਬਦਤਰ ਸਿਹਤ ਸਹੂਲਤਾਂ ਦੀ ਆੜ ਹੇਠ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ, ਜਿਸ ਨੂੰ ਕਿਸਾਨ ਮੋਰਚਾ ਕਿਸੇ ਵੀ ਹਾਲਤ ਵਿੱਚ ਸਫ਼ਲ ਨਹੀਂ ਹੋਣ ਦੇਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰਸ਼ਾਸਨ ਰਾਹੀਂ ਸਥਾਨਕ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਖੇਤੀ ਕਾਨੂੰਨ ਰੱਦ ਹੋਣ ਤੱਕ ਮਾਹੌਲ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨੀ ਮਸਲਾ ਹੋਣ ਤੱਕ ਭਾਜਪਾ ਦੀ ਹਰ ਗਤੀਵਿਧੀ ਦਾ ਵਿਰੋਧ ਜਾਰੀ ਰਹੇਗਾ।