ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਅਤੇ ਬੀਐੱਸਐੱਫ ਦੇ ਅਧਿਕਾਰ ਖੇਤਰ ’ਚ ਵਾਧੇ ਦਾ ਸਮਰਥਨ ਕਰਨ ਦੇ ਐਲਾਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਬੋਲੀ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਅਤੇ ਭਾਜਪਾ ਦੇ ਦੋਹਰੇ ਮਾਪਦੰਡ ਦਾ ਸਬੂਤ ਹਨ। ਕਾਂਗਰਸ ਅਤੇ ਭਾਜਪਾ ਮਿਲੀਭੁਗਤ ਨਾਲ ਕੰਮ ਕਰ ਰਹੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਸਮੂਹ ਦਾ ਹਿੱਸਾ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਜਿਹੜੀ ਵੀ ਪਾਰਟੀ ਬਣਾਉਣਗੇ, ਉਹ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਕਰੇਗੀ। ਪੰਜਾਬ ਦੇ ਲੋਕਾਂ ਨੇ ਸਾਢੇ ਚਾਰ ਸਾਲ ਤੱਕ ਕੈਪਟਨ ਦੇ ਝੂਠੇ ਵਾਅਦਿਆਂ ਅਤੇ ਕੰਮਾਂ ਨੂੰ ਦੇਖ ਲਿਆ ਹੈ ਤਾਂ ਹੀ ਅੱਜ ਕੈਪਟਨ ਸੱਤਾ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਰਬਾਦੀ ਦੀ ਜ਼ਿੰਮੇਵਾਰੀ ਕਾਂਗਰਸ ਕੈਪਟਨ ’ਤੇ ਨਹੀਂ ਪਾ ਸਕਦੀ। ਕਾਂਗਰਸ ਖ਼ੁਦ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ‘ਆਪ’ ਆਗੂ ਨੇ ਕਿਹਾ ਕਿ ਕੈਪਟਨ ਕਿਸਾਨਾਂ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਦਾ ਕਿਸਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਕੈਪਟਨ ਤਾਂ ਅੱਜ ਤੱਕ ਕਿਸਾਨਾਂ ਨੂੰ ਮਿਲੇ ਵੀ ਨਹੀਂ। ਉਨ੍ਹਾਂ ਦਾ ਰਿਸ਼ਤਾ ਸਿਰਫ਼ ਮੋਦੀ ਅਤੇ ਅਮਿਤ ਸ਼ਾਹ ਨਾਲ ਹੈ।
ਕਾਂਗਰਸ ਦੇ ਹਲਕਾ ਇੰਚਾਰਜ ‘ਆਪ’ ਵਿੱਚ ਸ਼ਾਮਲ
ਲੁਧਿਆਣਾ ਤੋਂ ਕਾਂਗਰਸੀ ਹਲਕਾ ਇੰਚਾਰਜ ਅਸ਼ੋਕ ਪੱਪੀ ਪਰਾਸ਼ਰ ਆਪਣੇ ਸਮਰਥਕਾਂ ਨਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਅਸ਼ੋਕ ਲੁਧਿਆਣਾ ’ਚ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸੂਬਾ ਜਰਨਲ ਸਕੱਤਰ ਸਮੇਤ ਹੋਰਨਾਂ ਅਹੁਦਿਆਂ ’ਤੇ ਰਹਿ ਚੁੱਕੇ ਹਨ। ਇਸ ਮੌਕੇ ਪਰਾਸ਼ਰ ਦੇ ਨਾਲ ਹਰਚਰਨ ਸਿੰਘ ਰਿੰਪੀ ਸਮੇਤ ਮੁਕੇਸ਼ ਨਾਇਰ, ਸੰਦੀਪ ਸ਼ਰਮਾ, ਦੀਪਕ ਸ਼ਰਮਾ, ਸੁਰੇਸ਼ ਪਰਾਸ਼ਰ, ਹਰਮਨ ਦਿਓਲ, ਸਾਜਨ ਸਲਾਰੀਆ, ਰਿਸ਼ਮ, ਦੀਪਕ ਅਤੇ ਮਹੇਸ਼ ਸਮੇਤ ਹੋਰ ਵਰਕਰ ਵੀ ‘ਆਪ’ ਵਿੱਚ ਆਏ ਹਨ।