ਚਰਨਜੀਤ ਭੁੱਲਰ
ਚੰਡੀਗੜ੍ਹ, 14 ਜੁਲਾਈ
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਭਾਜਪਾ ਆਗੂਆਂ ਅਤੇ ਵਰਕਰਾਂ ’ਤੇ ਸੂਬੇ ਵਿੱਚ ਹੋਏ ਹਮਲਿਆਂ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ। ਰਾਜਪਾਲ ਭਵਨ ਤਰਫੋਂ ਮੁੱਖ ਸਕੱਤਰ ਪੰਜਾਬ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਭਾਜਪਾ ਆਗੂਆਂ ਤੇ ਵਰਕਰਾਂ ’ਤੇ ਹੋਏ ਹਰ ਹਮਲੇ ਦੀ ਕੇਸ ਅਨੁਸਾਰ ਕਾਰਵਾਈ ਰਿਪੋਰਟ ਦਿੱਤੀ ਜਾਵੇ। ਇਸ ਤੋਂ ਜਾਪਦਾ ਹੈ ਕਿ ਰਾਜਪਾਲ ਪੰਜਾਬ ਨੇ ਇਸ ਮਾਮਲੇ ਨੂੰ ਸਖ਼ਤੀ ਨਾਲ ਲਿਆ ਹੈ। ਰਾਜਪੁਰਾ ਵਿਚਲੀ ਘਟਨਾ ਮਗਰੋਂ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਵਾਸ ਅੱਗੇ ਵੀ ਧਰਨਾ ਮਾਰਿਆ ਸੀ।
ਪੰਜਾਬ ਭਾਜਪਾ ਦੇ ਆਗੂਆਂ ਦੇ ਵਫ਼ਦ ਨੇ 5 ਜੁਲਾਈ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਨਿੱਤ ਹੋ ਰਹੇ ਹਮਲਿਆਂ ਦੀ ਗੱਲ ਰੱਖਦਿਆਂ ਸੁਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ ਸੀ। ਰਾਜਪਾਲ ਨੇ ਕਿਹਾ ਕਿ ਪੰਜਾਬ ਪੁਲੀਸ ਇਨ੍ਹਾਂ ਘਟਨਾਵਾਂ ’ਚ ਸਹਿਯੋਗ ਨਹੀਂ ਕਰ ਰਹੀ ਹੈ। ਚੇਤੇ ਰਹੇ ਕਿ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਕੋਲ ਵੀ ਇਹੋ ਗੱਲ ਦੁਹਰਾਈ ਸੀ।
ਰਾਜਪਾਲ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ। ਰਾਜਪਾਲ ਭਵਨ ਨੇ ਹਰ ਘਟਨਾ ਦੀ ਵੱਖੋ-ਵੱਖਰੀ ਰਿਪੋਰਟ ਮੰਗੀ ਹੈ, ਜਿਸ ਤੋਂ ਜਾਪਦਾ ਹੈ ਕਿ ਉਹ ਭਾਜਪਾ ਆਗੂਆਂ ਦੀ ਸੁਰੱਖਿਆ ਸਬੰਧੀ ਫਿਕਰਮੰਦ ਹਨ। ਰਾਜਪਾਲ ਪੰਜਾਬ ਨੂੰ ਪਹਿਲਾਂ ਵੀ ਅਪਰੈਲ ਮਹੀਨੇ ਵਿਚ ਭਾਜਪਾ ਆਗੂਆਂ ਦਾ ਵਫ਼ਦ ਮਿਲਿਆ ਸੀ, ਉਦੋਂ ਵੀ ਗਵਰਨਰ ਨੇ 2 ਅਪਰੈਲ, 2021 ਨੂੰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। ਉਹ ਰਿਪੋਰਟ ਸਮੁੱਚੇ ਰੂਪ ਵਿੱਚ ਮੰਗੀ ਗਈ ਸੀ, ਜਦੋਂ ਕਿ ਹੁੁਣ ਹਰੇਕ ਕੇਸ ਵੀ ਵੱਖ ਵੱਖ ਮੰਗੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਡੀਜੀਪੀ ਪੰਜਾਬ ਨੂੰ ਭਾਜਪਾ ਆਗੂਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ।