ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਫਰਵਰੀ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਬਿਜਲੀ ਵਿਭਾਗ, ਜੋ ਕਿ ਇਸ ਵੇਲੇ ਮੁਨਾਫ਼ੇ ਵਿੱਚ ਚੱਲ ਰਿਹਾ ਹੈ, ਦੇ ਨਿੱਜੀਕਰਨ ਦਾ ਫ਼ੈਸਲਾ ਭਾਜਪਾ ਦੀ ਲੋਕ ਵਿਰੋਧੀ ਨੀਤੀ ਅਤੇ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 200 ਕਰੋੜ ਤੋਂ ਵੱਧ ਦੇ ਮੁਨਾਫ਼ੇ ਵਿੱਚ ਚੱਲ ਰਹੇ ਸਰਕਾਰੀ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਪਿੱਛੇ ਕੋਈ ਤਰਕ ਨਹੀਂ ਦਿਖਾਈ ਦਿੰਦਾ ਪਰ ਭਾਜਪਾ ਸਰਕਾਰ ਆਮ ਲੋਕਾਂ ਦੀ ਬਲੀ ਚੜ੍ਹਾ ਕੇ ਆਪਣੇ ‘ਕਾਰਪੋਰੇਟ ਦੋਸਤਾਂ’ ਨੂੰ ਫਾਇਦਾ ਦੇ ਰਹੀ ਹੈ। ਚੀਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਰ ਸਰਕਾਰੀ ਅਦਾਰਾ ਆਪਣੇ ਚਹੇਤਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਹੈ, ਉਹ ਚਿੰਤਾਜਨਕ ਹੈ ਅਤੇ ਲੋਕਾਂ ਨੂੰ ਇਕਸੁਰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੱਲ੍ਹ ਪੰਜਾਬ ਦੇ ਅਤੇ ਬਾਕੀ ਸੂਬਿਆਂ ਦੇ ਸਰਕਾਰੀ ਅਦਾਰਿਆਂ ਨੂੰ ਹੱਥ ਪਾਇਆ ਜਾਵੇਗਾ।