ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 30 ਮਈ
ਕੇਂਦਰ ਦੀ ਭਾਜਪਾ ਸਰਕਾਰ ਦੇ ਸੱਤ ਸਾਲ ਪੂਰੇ ਹੋਣ ’ਤੇ ਸਥਾਨਕ ਕਸਬੇ ਅੰਦਰ ਭਾਜਪਾ ਆਗੂਆਂ ਵੱਲੋਂ ਕੀਤੇ ਜਾ ਰਹੇ ਸਮਾਗਮ ਦੇ ਵਿਰੋਧ ਵਿੱਚ ਹਲਕੇ ਦੇ ਸੈਂਕੜੇ ਕਿਸਾਨਾਂ ਨੇ ਮੰਡਲ ਪ੍ਰਧਾਨ ਅਜੇ ਚੰਦੇਲ ਦੇ ਘਰ ਨੂੰ ਘੇਰ ਲਿਆ। ਕਿਸਾਨਾਂ ਨੇ ਕਸਬੇ ਵਿੱਚ ਰੋਸ ਮਾਰਚ ਵੀ ਕੀਤਾ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਆਪਣੇ ਸਮਾਗਮ ਰੱਦ ਕਰਨੇ ਪਏ।
ਮਾਝਾ ਸੰਘਰਸ਼ ਕਮੇਟੀ ਦੇ ਮੁੱਖ ਆਗੂ ਬਲਵਿੰਦਰ ਸਿੰਘ ਰਾਜੂ ਅਤੇ ਕੰਵਲਜੀਤ ਸਿੰਘ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਦੇ ਆਗੂਆਂ ਵੱਲੋਂ ਸਥਾਨਕ ਹਸਪਤਾਲ ਤੇ ਕੁੱਝ ਪਿੰਡਾਂ ਵਿੱਚ ਮੀਟਿੰਗਾਂ ਕਰਨ ਬਾਰੇ ਪਤਾ ਲੱਗਿਆ ਸੀ। ਇਸ ’ਤੇ ਸੰਯੁਕਤ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਭਾਜਪਾ ਦੀ ਹਰ ਸਰਗਰਮੀ ਦਾ ਵਿਰੋਧ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਤੁਰੰਤ ਇਸ ਦਾ ਨੋਟਿਸ ਲਿਆ ਗਿਆ। ਉਨ੍ਹਾਂ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਭਾਜਪਾ ਆਗੂ ਦੇ ਘਰ ਦੇ ਸਾਹਮਣੇ ਧਰਨਾ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਖ਼ਿਲਾ਼ਫ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਜਪਾ ਵੱਲੋਂ ਹਲਕੇ ਅੰਦਰ ਕੋਈ ਵੀ ਸਰਗਰਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਉਸ ਦਾ ਡਟ ਕੇ ਵਿਰੋਧ ਕਰਨਗੇ। ਕਸਬੇ ਅੰਦਰ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਰਹੀ ਤਾਂ ਕਿ ਟਕਰਾਅ ਦੀ ਸਥਿਤੀ ਨਾ ਬਣੇ। ਪੁਲੀਸ ਪ੍ਰਸ਼ਾਸਨ ਵੱਲੋਂ ਡੀਐੱਸਪੀ ਨਵਜੋਤ ਸਿੰਘ ਵੀ ਮੌਕੇ ’ਤੇ ਹਾਜ਼ਰ ਰਹੇ।
ਕਾਦੀਆਂ (ਮਕਬੂਲ ਅਹਿਮਦ): ਇੱਥੋਂ ਨੇੜਲੇ ਪਿੰਡ ਨਾਥਪੁਰ ਵਿੱਚ ਅੱਜ ਭਾਜਪਾ ਮਹਿਲਾ ਮੋਰਚਾ ਵੱਲੋਂ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਨੂੰ ਕਿਸਾਨਾਂ ਨੇ ਬੰਦ ਕਰਵਾ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਸਠਿਆਲੀ ਦੇ ਪ੍ਰਧਾਨ ਗੁਰਮੁੱਖ ਸਿੰਘ, ਸੋਹਨ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਨਾਥਪੁਰ ਦੇ ਇੱਕ ਗੁਰਦੁਆਰੇ ਵਿੱਚ ਖ਼ੂਨਦਾਨ ਕੈਂਪ ਲਗਾਉਣ ਬਾਰੇ ਪਤਾ ਲੱਗਿਆ ਸੀ, ਜਿਸ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ’ਚ ਕਿਸਾਨ ਉੱਥੇ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖ਼ੂਨਦਾਨ ਕੈਂਪ ਤੋਂ ਕੋਈ ਇਤਰਾਜ਼ ਨਹੀਂ ਪਰ ਇਹ ਭਾਜਪਾ ਦੇ ਬੈਨਰ ਹੇਠ ਨਾ ਲਗਾਇਆ ਜਾਵੇ। ਸੂਚਨਾ ਮਿਲਦਿਆਂ ਹੀ ਐੱਸਐੱਚਓ ਕਾਦੀਆਂ ਬਲਕਾਰ ਸਿੰਘ ਪੁਲੀਸ ਟੀਮ ਸਮੇਤ ਖ਼ੂਨਦਾਨ ਕੈਂਪ ਵਿੱਚ ਪੁੱਜੇ।
ਉਨ੍ਹਾਂ ਕੈਂਪ ਬੰਦ ਕਰਵਾਉਂਦਿਆਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਤੱਕ ਦਿੱਲੀ ਵਿੱਚ ਕਿਸਾਨੀ ਸੰਘਰਸ਼ ਜਾਰੀ ਰਹੇਗਾ, ਹਲਕੇ ਵਿੱਚ ਭਾਜਪਾ ਨੂੰ ਕਿਸੇ ਤਰ੍ਹਾਂ ਦੀ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਪੰਜਾਬ ਮਹਿਲਾ ਮੋਰਚਾ ਦੀ ਖ਼ਜ਼ਾਨਚੀ ਰੇਣੂ ਕਸ਼ਯਪ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਸੰਘਰਸ਼ ਖ਼ਤਮ ਕਰਵਾਏ।
ਕਿਸਾਨਾਂ ਦੇ ਵਿਰੋਧੀ ਨਹੀਂ ਹਾਂ: ਭਾਜਪਾ ਆਗੂ
ਭਾਜਪਾ ਦੇ ਮੰਡਲ ਪ੍ਰਧਾਨ ਅਜੇ ਚੰਦੇਲ ਨੇ ਕਿਹਾ ਕਿ ਉਹ ਪਾਰਟੀ ਦੇ ਹੁਕਮਾਂ ਤਹਿਤ ਹਲਕੇ ਅੰਦਰ ਲੋਕ ਸੇਵਾ ਦਾ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਵਿਰੋਧੀ ਨਹੀਂ ਹਨ ਸਗੋਂ ਕਿਸਾਨਾਂ ਨਾਲ ਹਰ ਤਰ੍ਹਾਂ ਦੀ ਹਮਦਰਦੀ ਰੱਖਦੇ ਹਨ।