ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਜਨਵਰੀ ਨੂੰ ਫ਼ਿਰੋਜ਼ਪੁਰ ’ਚ ਮੋਗਾ ਰੋਡ ’ਤੇ ਬਣਨ ਵਾਲੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਵਾਸਤੇ ਆ ਰਹੇ ਹਨ। ਉਹ ਇਸ ਜਗ੍ਹਾ ’ਤੇ ਰੈਲੀ ਨੂੰ ਵੀ ਸੰਬੋਧਨ ਕਰਨਗੇ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਫੇਰੀ ਸਬੰਧੀ ਜਿੱਥੇ ਭਾਜਪਾ ਆਗੂ ਪੱਬਾਂ ਭਾਰ ਨਜ਼ਰ ਆ ਰਹੇ ਹਨ, ਉੱਥੇ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਰਕਾਰੀ ਤੌਰ ’ਤੇ ਕੋਈ ਸੂਚਨਾ ਨਹੀਂ ਪਹੁੰਚੀ ਹੈ। ਪ੍ਰਧਾਨ ਮੰਤਰੀ ਦੇ ਇਸ ਸਮਾਗਮ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂ ਹੋਰ ਕਾਂਗਰਸੀ ਆਗੂ ਸ਼ਾਮਲ ਹੋਣਗੇ ਜਾਂ ਨਹੀਂ ਇਸ ਬਾਰੇ ਵੀ ਪ੍ਰਸ਼ਾਸਨ ਕੋਲ ਕੋਈ ਜਾਣਕਾਰੀ ਨਹੀਂ ਹੈ। ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਆਉਣ ਬਾਰੇ ਉਨ੍ਹਾਂ ਕੋਲ ਅਜੇ ਤੱਕ ਸਰਕਾਰੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਪਹੁੰਚੀ। ਡਿਪਟੀ ਕਮਿਸ਼ਨਰ ਨੂੰ ਪੀਜੀਆਈ ਪ੍ਰਾਜੈਕਟ ਦੀ ਫਾਈਲ ਬਾਰੇ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਭਾਜਪਾ ਆਗੂ ਆਪਣੇ ਪੱਧਰ ’ਤੇ ਪੀਜੀਆਈ ਵਾਲੀ ਥਾਂ ’ਤੇ ਕੰਮ ਕਰਵਾ ਰਹੇ ਹਨ। ਜ਼ਮੀਨ ਨੂੰ ਪੱਧਰਾ ਕਰ ਕੇ ਟੈਂਟ ਲਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੱਲ੍ਹ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜੋ ਹੁਣ ਭਾਜਪਾ ’ਚ ਸ਼ਾਮਲ ਹੋ ਗਏ ਹਨ, ਨੇ ਪੀਜੀਆਈ ਵਾਲੀ ਥਾਂ ਦਾ ਦੌਰਾ ਕੀਤਾ।
ਦੱਸ ਦਈਏ ਕਿ ਇਸ ਪੀਜੀਆਈ ਸੈਟੇਲਾਈਟ ਸੈਂਟਰ ਬਣਾਉਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਸਾਲ 2015 ਵਿਚ ਕੀਤਾ ਗਿਆ ਸੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੀ ਦੇਣ ਹੈ। ਵਿਧਾਇਕ ਪਿੰਕੀ ਨੇ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਕਿਹਾ ਕਿ ‘ਸ਼ਹਿਨਸ਼ਾਹ ਫ਼ਕੀਰ ਗ਼ਰੀਬਾਂ ਦੇ ਘਰ ਆ ਰਿਹਾ ਹੈ, ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ।’ ਵਿਧਾਇਕ ਪਿੰਕੀ ਨੇ ਪ੍ਰਧਾਨ ਮੰਤਰੀ ਨੂੰ ਹੁਸੈਨੀਵਾਲਾ ਆਉਣ ਦਾ ਸੱਦਾ ਦਿੰਦਿਆਂ ਫ਼ਿਰੋਜ਼ਪੁਰ ਨੂੰ ਸਮਾਰਟ ਸਿਟੀ ਐਲਾਨਣ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਲਈ ਵਰਕਰਾਂ ਵਿਚ ਉਤਸ਼ਾਹ ਹੈ।