ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਜਨਵਰੀ
ਭਾਜਪਾ ਯੁਵਾ ਮੋਰਚਾ ਵੱਲੋਂ ਅੱਜ ਇੱਥੇ ਫਾਇਰ ਬ੍ਰਿਗੇਡ ਚੌਕ ਵਿੱਚ ਜਨ-ਚੇਤਨਾ ਮੁਹਿੰਮ ਛੇੜੀ ਗਈ, ਜਿਸ ਦਾ ਮਨੋਰਥ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਆਮਦ ਮੌਕੇ ਲੋਕਾਂ ਨੂੰ ਪਹੁੰਚਣ ਦਾ ਸੱਦਾ ਦੇਣਾ ਸੀ। ਇੱਥੇ ਹੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਪ੍ਰਿੰਸੀਪਲ (ਡਾ.) ਵੀਨਾ ਗਰਗ ਦੀ ਅਗਵਾਈ ਹੇਠ ਵਿੰਗ ਦੀਆਂ ਬੀਬੀਆਂ ਨੇ ਰਾਹਗੀਰ ਔਰਤਾਂ ਦੇ ਹੱਥਾਂ ’ਤੇ ਮਹਿੰਦੀ ਲਾ ਕੇੇ ਵਿਲੱਖਣ ਢੰਗ ਨਾਲ ਉਨ੍ਹਾਂ ਨੂੰ ਰੈਲੀ ’ਚ ਪੁੱਜਣ ਲਈ ਦਾਅਵਤ ਦਿੱਤੀ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਅਤੇ ਡਾ. ਵੀਨਾ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਲਈ ਲੋਕਾਂ ਵਿੱਚ ਵੱਖਰੀ ਕਿਸਮ ਦਾ ਜੋਸ਼ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਰੈਲੀ ਭਾਜਪਾ ਦੇ ‘ਨਵਾਂ ਪੰਜਾਬ’ ਸਿਰਜਣ ਦੇ ਸੰਕਲਪ ਨੂੰ ਰੂਪਮਾਨ ਕਰੇਗੀ।