ਦਵਿੰਦਰ ਪਾਲ
ਚੰਡੀਗੜ੍ਹ, 12 ਜੂਨ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਹੈ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਟਾਕਰੇ ਲਈ ਖੇਤੀ ਕੰਮਾਂ ਦੇ ਨਾਲ-ਨਾਲ ਦਿੱਲੀ ਅਤੇ ਪੰਜਾਬ ਦੇ ਮੋਰਚਿਆਂ ’ਤੇ ਮੈਦਾਨ ਭਖਾਇਆ ਜਾਵੇ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਵਾ ਸੌ ਦੇ ਕਰੀਬ ਥਾਵਾਂ ਜਿਵੇਂ ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣੇ, ਸ਼ਾਪਿੰਗ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਹੱਠਧਰਮੀ ਦੀ ਹੱਦ ਹੋ ਚੁੱਕੀ ਹੈ, ਜਿਸ ਖ਼ਿਲਾਫ਼ ਲੜਨ ਤੋਂ ਸਿਵਾਏ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਸ਼ਾਂਤਮਈ ਵਿਰੋਧ ਜਾਰੀ ਰਹੇਗਾ।
ਝੋਨੇ ਦੀ ਲਵਾਈ ਆਪਸੀ ਸਹਿਮਤੀ ਨਾਲ ਤੈਅ ਕਰਨ ਦੀ ਅਪੀਲ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਪੰਜਾਬ ਤੇ ਹਰਿਆਣਾ ਵਿੱਚ ਝੋਨਾ ਲਾਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਸੀ ਸਹਿਮਤੀ ਨਾਲ ਲਵਾਈ ਦਾ ਭਾਅ ਤੈਅ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਕਿ ਇਸ ਵੇਲੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਏਕੇ ਦੀ ਵੱਡੀ ਲੋੜ ਹੈ ਅਤੇ ਮਤਾ ਪਾਉਣ ਵਾਲੀ ਕਾਰਵਾਈ ਭਾਜਪਾ ਦੀ ਫੁੱਟ-ਪਾਊ ਨੀਤੀ ਨੂੰ ਉਤਸ਼ਾਹਿਤ ਕਰਦੀ ਹੈ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਝੋਨਾ ਲਾਉਣ ਲਈ ਮਜ਼ਦੂਰਾਂ ਵਾਸਤੇ ਭਾਅ ਤੈਅ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਕੋਈ ਫ਼ੈਸਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਘਰਸ਼ ਤੋਂ ਬੌਖਲਾਈਆਂ ਤਾਕਤਾਂ ਵੱਲੋਂ ਸੋਸ਼ਲ ਮੀਡੀਆ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝ ਨੂੰ ਤੋੜਨ ਲਈ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ।