ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਨਵੰਬਰ
ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੇ ਨਾਂ ’ਤੇ ਬਣਾਏ ਗਏ ਭਗਤ ਪੂਰਨ ਸਿੰਘ ਯਾਦਗਾਰੀ ਗੇਟ ਦੀ ਭੰਨ੍ਹ-ਤੋੜ ਕਰਨ ਦੇ ਦੋਸ਼ ਹੇਠ ਭਾਜਪਾ ਦੇ ਸਾਬਕਾ ਮੇਅਰ ਦੇ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਆਖਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਸਾਰਿਆਂ ਲਈ ਸਨਮਾਨਯੋਗ ਹਨ ਅਤੇ ਉਨ੍ਹਾਂ ਦੇ ਨਾਂ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਾਣਕਾਰੀ ਅਨੁਸਾਰ ਬੀਤੇ ਦਿਨ ਕੁਝ ਲੋਕਾਂ ਵੱਲੋਂ ਇਸ ਗੇਟ ਦੀ ਭੰਨ੍ਹ-ਤੋੜ ਕੀਤੀ ਗਈ ਸੀ, ਜਿਸ ਦੇ ਖਿਲਾਫ਼ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ ਇੰਦਰਜੀਤ ਕੌਰ ਵੱਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ। ਅੱਜ ਪੁਲੀਸ ਨੇ ਇਸ ਸਬੰਧ ਵਿੱਚ ਲਵਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਭਾਜਪਾ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਦੋ ਪੁੱਤਰਾਂ ਰਜੀਵ ਸ਼ਰਮਾ ਉਰਫ ਡਿੰਪੀ ਅਤੇ ਭੂਸ਼ਣ ਭੋਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮਾਂ ਨੇ ਹਥੌੜੇ ਅਤੇ ਹੋਰ ਅਜਿਹੇ ਉਪਕਰਨਾਂ ਨਾਲ ਭੰਨ੍ਹ-ਤੋੜ ਕੀਤੀ ਹੈ। ਉਨ੍ਹਾਂ ਇਥੇ ਲੱਗਾ ਪੱਥਰ ਵੀ ਤੋੜ ਦਿੱਤਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਦੋਸ਼ ਲਾਇਆ ਕਿ ਕਾਂਗਰਸੀ ਕੌਂਸਲਰ ਦਾ ਪੁੱਤਰ ਮਿੱਠੂ ਮਦਾਨ ਭਗਤ ਪੂਰਨ ਸਿੰਘ ਦੇ ਨਾਂ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਸ ਕਾਂਗਰਸੀ ਆਗੂ ਨੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਨਾਂ ਦੇ ਇਥੇ ਇਕ ਪਾਰਕ ਵਿਚ ਲੱਗੇ ਪੱਥਰ ਨੂੰ ਹਟਾ ਦਿੱਤਾ ਸੀ। ਇਸੇ ਦੇ ਰੋਸ ਵਜੋਂ ਕੁਝ ਲੋਕਾਂ ਨੇ ਭਗਤ ਪੂਰਨ ਸਿੰਘ ਯਾਦਗਾਰੀ ਗੇਟ ’ਤੇ ਲੱਗੇ ਮਿੱਠੂ ਮਦਾਨ ਨਾਂ ਵਾਲੀ ਪਲੇਟ ਨੂੰ ਹਟਾ ਦਿੱਤਾ ਹੈ।