ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 17 ਫਰਵਰੀ
ਜ਼ਿਲ੍ਹਾ ਪੁਲੀਸ ਨੇ ਚੋਣ ਅਧਿਕਾਰੀਆਂ ਦੀ ਸ਼ਿਕਾਇਤ ਦੇ ਅਧਾਰ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਵਿੱਚ ਤਿੰਨ ਕੇਸ ਦਰਜ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਨੂੰ ਪਿੰਡ ਗੋਲੇਵਾਲਾ, ਸਾਦਿਕ ਤੇ ਫਰੀਦਕੋਟ ਵਿੱਚ ਚੋਣ ਮੀਟਿੰਗ ਕਰਨ ਲਈ ਮਨਜ਼ੂਰੀ ਦਿੱਤੀ ਗਈ ਸੀ ਪਰ ਉਮੀਦਵਾਰ ਨੇ ਮੀਟਿੰਗ ਦੀ ਥਾਂ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੀਤੇ ਹਨ। ਪੁਲੀਸ ਨੇ ਇਸ ਉਲੰਘਣਾ ਦੇ ਦੋਸ਼ ਹੇਠ ਉਮੀਦਵਾਰ ਦੇ ਪੋਲਿੰਗ ਏਜੰਟ ਅਤੇ ਭਾਜਪਾ ਆਗੂ ਲਲਿਤ ਕੁਮਾਰ ਕੱਕੜ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਹਨ, ਹਾਲਾਂਕਿ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਭਾਜਪਾ ਉਮੀਦਵਾਰ ਗੌਰਵ ਕੱਕੜ ਨੇ ਕਿਹਾ ਕਿ ਉਨ੍ਹਾਂ ਚੋਣ ਅਧਿਕਾਰੀਆਂ ਦੀ ਮਨਜ਼ੂਰੀ ਅਨੁਸਾਰ ਹੀ ਹਲਕੇ ਵਿੱਚ ਸਮਾਗਮ ਕੀਤੇ ਹਨ।