ਪਾਲ ਸਿੰਘ ਨੌਲੀ
ਜਲੰਧਰ, 11 ਜੂਨ
ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਦਿੱਤੇ ਬਿਆਨ ਤੋਂ ਬਾਅਦ ਅੱਜ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਅਨਿਲ ਜੋਸ਼ੀ ਦੇ ਬਿਆਨ ਦੀ ਹਮਾਇਤ ਕੀਤੀ। ਉਨ੍ਹਾਂ ਆਖਿਆ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਦੇ ਹੱਕ ਵਿਚ ਹਨ ਕਿ ਕਿਸਾਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ, ਜਿਵੇਂ ਉਹ ਚਾਹੁੰਦੇ ਹਨ। ਸ੍ਰੀ ਭੰਡਾਰੀ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਪੰਜਾਬੀ ਹਨ ਤੇ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਨ, ਜਿਹੜੇ ਪਿਛਲੇ ਛੇ ਮਹੀਨਿਆਂ ਤੋਂ ਉਥੇ ਆਪਣੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਹੀ ਭੈਣ-ਭਰਾ ਹਨ। ਕੇਡੀ ਭੰਡਾਰੀ, ਭਾਜਪਾ ਦੇ ਦੂਜੇ ਵੱਡੇ ਲੀਡਰ ਹਨ ਜਿਹੜੇ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿਚ ਆਏ ਹਨ ਤੇ ਆਪਣੇ ਪੰਜਾਬੀ ਹੋਣ ’ਤੇ ਮਾਣ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੌਰਾਨ ਭਾਜਪਾ ਦੀ ਕਾਰਜਕਾਰਨੀ ਕਮੇਟੀ ਵਿਚ ਪਾਰਟੀ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਪਾਰਟੀ ਦੇ ਅੰਦਰ ਹੀ ਖੁੱਲ੍ਹ ਕੇ ਇਸ ਮੁੱਦੇ ਨੂੰ ਰੱਖਿਆ ਸੀ ਕਿ ਕਿਸਾਨਾਂ ਦੇ ਮਾਮਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਥੇ ਸ੍ਰੀ ਜੋਸ਼ੀ ਦੀ ਗੱਲ ਨਹੀਂ ਸੁਣੀ ਗਈ ਤੇ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਖੜ੍ਹੀਏ। ਸਾਡਾ ਕਿਸਾਨਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਇਥੇ ਦੇ ਕਾਰੋਬਾਰੀ, ਛੋਟੇ ਵਪਾਰੀ ਤੇ ਇੰਡਸਟਰੀ ਵਾਲੇ ਕਿਸਾਨੀ ਤੋਂ ਬਿਨਾਂ ਚੱਲ ਨਹੀਂ ਸਕਦੇ।
ਸ੍ਰੀ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਪੰਜਾਬ ਖਰਾਬੀ ਵੱਲ ਵਧ ਰਿਹਾ ਹੈ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ। ਉਨ੍ਹਾਂ ਕਿਹਾ ਕਿ ਜਿਹੜਾ ਸਟੈਂਡ ਅਨਿਲ ਜੋਸ਼ੀ ਨੇ ਲਿਆ ਹੈ ਉਹ ਪੂਰੀ ਤਰ੍ਹਾਂ ਨਾਲ ਪਾਰਟੀ ਦੇ ਹੱਕ ਵਿਚ ਵੀ ਹੈ ਤੇ ਪੰਜਾਬ ਦੇ ਹੱਕ ਵਿਚ ਵੀ ਹੈ। ਇਸ ਨਾਲ ਸਮਾਜਿਕ ਭਾਈਚਾਰਾ ਵੀ ਮਜ਼ਬੂਤ ਹੋਵੇਗਾ। ਸ੍ਰੀ ਭੰਡਾਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਭਰਾਵਾਂ ਦੀ ਗੱਲ ਸੁਣਨ ਤੇ ਮਸਲੇ ਦਾ ਹੱਲ ਕਰਨ।