ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਕਤੂਬਰ
ਭਾਰਤੀ ਜਨਤਾ ਪਾਰਟੀ ਨੇ ਸਿੰਘੂ ਬਾਰਡਰ ਉੱਤੇ ਵਾਪਰੀ ਘਟਨਾ ਦੀ ਆੜ ਹੇਠ ਕਿਸਾਨੀ ਅੰਦੋਲਨ ’ਤੇ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਦੀਆਂ ਸਰਹੱਦਾਂ ਟਿਕਰੀ ਅਤੇ ਸਿੰਘੂ ’ਤੇ ਲੱਗੇ ਕਿਸਾਨੀ ਮੋਰਚਿਆਂ ਨੂੰ ਅਪਰਾਧਾਂ ਦੇ ਕੇਂਦਰ ਤੱਕ ਕਰਾਰ ਦੇ ਦਿੱਤਾ ਹੈ। ਭਾਜਪਾ ਆਗੂ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਅੰਦੋਲਨ ਦੀ ਆੜ ਹੇਠ ਕਿਸਾਨਾਂ ਦੀ ਮਨਮਾਨੀ ਕਾਨੂੰਨ ਵਿਵਸਥਾ ਲਈ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਵਾਲੀ ਥਾਂ ’ਤੇ ਸਮੂਹਿਕ ਬਲਾਤਕਾਰ ਤੋਂ ਲੈ ਕੇ ਲੁੱਟਾਂ-ਖੋਹਾਂ ਤੇ ਹੱਤਿਆਵਾਂ ਸਮੇਤ ਕਈ ਘਟਨਾਵਾਂ ਵਾਪਰੀਆਂ ਹਨ, ਜਿਸ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਮੇਸ਼ਾ ਪੱਲਾ ਝਾੜਦੇ ਆਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦੀ ਜ਼ਿੰਮੇਵਾਰੀ ਸਿੱਧੇ ਮੋਰਚੇ ਦੇ ਆਗੂਆਂ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਅੱਗੇ ਗੈਰਕਨੂੰਨੀ ਢੰਗ ਨਾਲ ਕਿਸਾਨ ਧਰਨੇ ਦੇ ਰਹੇ ਹਨ ਅਤੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਥਿਤ ਕਿਸਾਨਾਂ ਵੱਲੋਂ ਪੁਲੀਸ ਦੇ ਸਾਹਮਣੇ ਕਈ ਭਾਜਪਾ ਨੇਤਾਵਾਂ ’ਤੇ ਕਾਤਲਾਨਾ ਹਮਲੇ, ਭਾਜਪਾ ਦੇ ਪ੍ਰੋਗਰਾਮਾਂ ਤੇ ਦਫ਼ਤਰਾਂ ਵਿੱਚ ਭੰਨ-ਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਪਰ ਅਜੇ ਤੱਕ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸੀ ਨੇਤਾਵਾਂ ਕੋਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤਾਂ ਸੰਭਲਦੀ ਨਹੀਂ ਪਰ ਉਹ ਦੂਜੇ ਸੂਬਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ’ਤੇ ਧਰਨੇ ਪ੍ਰਦਰਸ਼ਨ ਕਰਦੇ ਫਿਰਦੇ ਹਨ।