ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਲੈ ਕੇ ਅੱਜ ਇੱਥੇ ਇਸ ਸਬੰਧੀ ਮੰਗ ਪੱਤਰ ਦੇਣ ਮੌਕੇ ਭਾਰਤੀ ਜਨਤਾ ਪਾਰਟੀ ਦੀ ਫੁੱਟ ਸਾਹਮਣੇ ਆਈ। ਇਸ ਮੌਕੇ ਭਾਜਪਾ ਦੇ ਦੋ ਧੜਿਆਂ ਨੇ ਅੱਡੋ ਅੱਡ ਮੰਗ ਪੱਤਰ ਐੱਸਡੀਐਮ ਆਨੰਦਪੁਰ ਸਾਹਿਬ ਨੂੰ ਦਿੱਤੇ । ਇਕ ਧੜੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਕਰ ਰਹੇ ਸਨ ਜਦ ਕਿ ਦੂਸਰੇ ਧੜੇ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਕਰ ਰਹੇ ਸਨ। ਦੂਜੇ ਪਾਸੇ ਦੂਜਾ ਧੜਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਭਾਜਪਾ, ਦੀ ਅਗਵਾਈ ਵਿੱਚ ਜਦੋਂ ਐੱਸਡੀਐੱਮ ਨੂੰ ਮੈਮੋਰੰਡਮ ਦੇਣ ਲਈ ਪੁੱਜਿਆ ਤਾਂ ਸ੍ਰੀ ਮਿੱਤਲ ਦੀ ਅਗਵਾਈ ਵਾਲਾ ਧੜਾ ਵੀ ਉੱਥੇ ਪੁੱਜ ਗਿਆ। ਉਸ ਸਮੇਂ ਦੋਵਾਂ ਧੜਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਅਠਵਾਲ ਧੜੇ ਨੇ ਚੰਡੀਗੜ੍ਹ-ਊਨਾ ਰੋਡ ’ਤੇ ਧਰਨਾ ਲਾ ਦਿੱਤਾ। ਐੱਸਡੀਐੱਮ ਰਾਕੇਸ਼ ਗੋਇਲ ਦੇ ਦਫ਼ਤਰ ਆਉਣ ’ਤੇ ਦੋਵਾਂ ਧੜਿਆਂ ਨੇ ਵੱਖਰਾ-ਵੱਖਰਾ ਮੰਗ ਪੱਤਰ ਦਿੱਤਾ। ਮਗਰੋਂ ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ ਵਿੱਚ ਕੋਈ ਫੁੱਟ ਨਹੀਂ ਹੈ ਤੇ ਭਾਜਪਾ ਇਕੱਠੇ ਹੋ ਕੇ ਚੋਣਾਂ ਲੜੇਗੀ ਅਤੇ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰੇਗੀ ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਹਲਕਾ ਡੇਰਾਬੱਸੀ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਐੱਸਡੀਐਮ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਐਸਡੀਐਮ ਨੂੰ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸੂਬਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਮੁਕੇਸ਼ ਗਾਂਧੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਹਾਜ਼ਰ ਸਨ।
ਭਾਜਪਾ ਵਰਕਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਮੁਜ਼ਾਹਰਾ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਅੱਜ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਪੁਲੀਸ ਅਤੇ ਸੂਬਾ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਦੇ ਵਫ਼ਦ ਨੇ ਰਾਸ਼ਟਰਪਤੀ ਦੇ ਨਾਮ ਲਿਖਿਆ ਮੰਗ ਪੱਤਰ ਏਡੀਸੀ ਸ੍ਰੀਮਤੀ ਕੋਮਲ ਮਿੱਤਲ ਨੂੰ ਦਿੱਤਾ। ਅਧਿਕਾਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਡੀਸੀ ਰਾਹੀਂ ਇਹ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ। ਭਾਜਪਾ ਦੇ ਸੀਨੀਅਰ ਆਗੂ ਅਰੁਣ ਸ਼ਰਮਾ, ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਰਮੇਸ਼ ਵਰਮਾ ਨੇ ਮੰਗ ਕੀਤੀ ਕਿ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਮੁੱਖ ਮੰਤਰੀ ਚੰਨੀ ਦੀ ਜਵਾਬਤਲਬੀ ਕੀਤੀ ਜਾਵੇ।
ਭਾਜਪਾ ਆਗੂਆਂ ਵੱਲੋਂ ਐਸਡੀਐਮ ਨੂੰ ਮੰਗ ਪੱਤਰ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਐੱਸਡੀਐੱਮ ਪਰਮਜੀਤ ਸਿੰਘ ਨੂੰ ਪੰਜਾਬ ਦੇ ਡੀਜੀਪੀ ਨੂੰ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ਦੀ ਉਲੰਘਣਾ ਕਰਨ ਅਤੇ ਆਪਣੇ ਫਰਜ਼ਾਂ ਵਿੱਚ ਅਣਗਹਿਲੀ ਵਰਤਣ ਲਈ ਬਰਖਾਸਤ ਕਰਨ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਸੀਨੀਅਰ ਆਗੂ ਪ੍ਰਵੇਸ਼ ਗੋਇਲ, ਰਾਕੇਸ਼ ਕੁਮਾਰ ਸਹਿਦੇਵ, ਜਸਵੀਰ ਸਿੰਘ ਮਹਿਤਾ ਹਾਜ਼ਰ ਸਨ।