ਦਵਿੰਦਰ ਪਾਲ
ਚੰਡੀਗੜ, 13 ਫਰਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਪਣੀ ਹਾਰ ਦਾ ਠੀਕਰਾ ਕਿਸੇ ਹੋਰ ਸਿਰ ਭੰਨ੍ਹਣ ਲਈ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਧੱਕੇਸ਼ਾਹੀ ਦੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੂੰ ਆਪਣੇ ਕਾਰਜਕਾਲ ਵਿੱਚ ਕੀਤੀਆਂ ਧੱਕੇਸ਼ਾਹੀਆਂ ਚੇਤੇ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਚੋਣ ਅਮਲ ਪੂਰੀ ਤਰ੍ਹਾਂ ਨਾਲ ਨਿਰਪੱਖ ਤਰੀਕੇ ਨਾਲ ਹੋ ਰਿਹਾ ਹੈ। ਉਨ੍ਹਾਂ ‘ਆਪ’ ਨੂੰ ਮੁੱਦਾਹੀਣ ਪਾਰਟੀ ਦੱਸਦਿਆਂ ਕਿਹਾ ਕਿ ਇਸ ਪਾਰਟੀ ਨੂੰ ਤਾਂ ਹਾਲੇ ਤਕ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਉਮੀਦਵਾਰ ਨਹੀਂ ਮਿਲਿਆ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ‘ਆਪ’ ਕੌਂਸਲ ਚੋਣਾਂ ’ਚ ਦੂਜੇ ਸਥਾਨ ਲਈ ਸੰਘਰਸ਼ ਕਰ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਨੇ ਜੋ ਸਮਾਜ ਵਿਰੋਧੀ ਕੰਮ ਕੀਤਾ ਹੈ ਇਸ ਨਾਲ ਨਾ ਕੇਵਲ ਪੰਜਾਬ ਦੇ ਕਿਸਾਨ ਸਗੋਂ ਸਮਾਜ ਦਾ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਪਾਰਟੀ ਨੂੰ ਉਮੀਦਵਾਰ ਵੀ ਪੂਰੇ ਨਹੀਂ ਮਿਲੇ ਅਤੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਹਰਿਆਣਾ ਵਿੱਚ ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ, ਉਥੇ ਲੋਕ ਰੋਹ ਕਾਰਨ ਭਾਜਪਾ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਘਰਾਂ ਅੰਦਰ ਨਜ਼ਰਬੰਦ ਹੋਏ ਪਏ ਹਨ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਦਾ ਭਾਜਪਾ ਪ੍ਰਤੀ ਰੋਸ ਕੋਈ ਅਪਵਾਦ ਨਹੀਂ ਹੈ।
ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਨੂੰ 2012 ਯਾਦ ਕਰਵਾਉਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਉਦੋਂ ਤਲਵਾਰਾਂ ਨਾਲ ਕੈਪਟਨ ਅਮਰਿੰੰਦਰ ਸਿੰਘ ਦੀ ਕਾਰ ’ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਆਗੂਆਂ ਨੇ ਗ਼ਲਤ ਬਿਆਨੀ ਕਰਕੇ ਜਲਾਲਾਬਾਦ ਵਿੱਚ ਝੂਠਾ ਪਰਚਾ ਦਰਜ ਕਰਵਾਇਆ ਹੈ।
‘ਆਪ’ ਉੱਤੇ ਭਾਜਪਾ ਦੀ ‘ਬੀ’ ਟੀਮ ਵਜੋਂ ਵਿਚਰਨ ਦੇ ਦੋਸ਼
ਸੁਨੀਲ ਜਾਖੜ ਨੇ ਆਖਿਆ ਕਿ ਆਮ ਆਦਮੀ ਪਾਰਟੀ, ਭਾਜਪਾ ਦੀ ‘ਬੀ’ ਟੀਮ ਵਜੋਂ ਵਿਚਰ ਰਹੀ ਹੈ। ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਸੱਦੀ ਸਰਬ ਪਾਰਟੀ ਮੀਟਿੰਗ ਵਿੱਚੋਂ ਬਾਈਕਾਟ ਕਰਕੇ ਇਹ ਪਾਰਟੀ ਸਿੱਧ ਕਰ ਚੁੱਕੀ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਇਸ ਪਾਰਟੀ ਨੂੰ ਕਿੰਨੀ ਕੁ ਪ੍ਰਵਾਹ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ, ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਇਹ ਪਾਰਟੀ ਕਦੇ ਆਵਾਜ਼ ਨਹੀਂ ਚੁੱਕਦੀ। ਸ੍ਰੀ ਜਾਖੜ ਨੇ ਕਿਹਾ ਕਿ ਸਥਾਨਕ ਸਰਕਾਰਾਂ ਚੋਣਾਂ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ’ਤੇ ਲੜ ਰਹੀ ਹੈ ਅਤੇ ਲੋਕਾਂ ਦੇ ਪਿਆਰ ਸਦਕਾ ਜਿੱਤ ਵੀ ਦਰਜ ਕਰੇਗੀ।