ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਜੂਨ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਹੀ ਦੇਸ਼ ਦੀ ਰਾਜਨੀਤੀ ਅਤੇ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣ ਦੇ ਸਮਰੱਥ ਹੈ। ਇਹੀ ਕਾਰਨ ਹੈ ਕਿ ਸਿਆਸੀ ਸੂਝ ਰੱਖਣ ਵਾਲੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਹ ਅੱਜ ਇਥੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ’ਚ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਤੇਜ਼ ਕਰਨ ਸਬੰਧੀ ਭਾਜਪਾ ਆਗੂਆਂ ਤੇ ਕਾਰਕੁਨਾਂ ਨਾਲ ਬੈਠਕ ਕਰ ਰਹੇ ਸਨ। ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕ ਜਾਣ ਚੁੱਕੇ ਹਨ ਕਿ ਪੰਜਾਬ ਨੂੰ ਸਿਰਫ਼ ਭਾਜਪਾ ਹੀ ਆਰਥਿਕ ਮੰਦਹਾਲੀ ’ਚੋਂ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਲੋਕ ਸਭਾ ’ਚ ਪਹੁੰਚ ਕੇ ਇਸ ਹਲਕੇ ਲਈ ਵਿਕਾਸ ਅਤੇ ਸਨਅਤੀ ਪ੍ਰਾਜੈਕਟ ਲਿਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿਨ-ਬ-ਦਿਨ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸਨ ਪਰ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਚਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਜੇਤੂ ਰਹਿਣਗੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਸੋਢੀ, ਪਰਮਿੰਦਰ ਸਿੰਘ ਢੀਂਡਸਾ, ਜਗਤ ਕਥੂਰੀਆਂ, ਅੰਕੂ ਜ਼ਖ਼ਮੀ, ਬਿੰਦੂ ਰਾਮ ਸਿੰਗਲਾ, ਵਿਨੋਦ ਜੈਨ, ਜ਼ਾਹਿਦ ਪੀਰ ਹਾਜ਼ਰ ਸਨ।