ਪਾਲ ਸਿੰਘ ਨੌਲੀ
ਜਲੰਧਰ, 28 ਦਸੰਬਰ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਜਨਵਰੀ ਨੂੰ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਉਹ ਫ਼ਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਰੈਲੀ ਹੋਵੇਗੀ ਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦਾ ਬਿਗਲ ਵੀ ਉਸੇ ਦਿਨ ਵਜਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਹਲਕੇ ਵਿੱਚ ਆ ਕੇ ਰੈਲੀ ਕਰਨ ਨੂੰ ਭਾਜਪਾ ਲੀਡਰਸ਼ਿਪ ਕਈ ਨੁਕਤਿਆਂ ਨੂੰ ਨਜ਼ਰਾਂ ਵਿੱਚ ਰੱਖ ਕੇ ਚੱਲ ਰਹੀ ਦੱਸੀ ਜਾਂਦੀ ਹੈ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਰੈਲੀ ਪਹਿਲਾਂ ਲੁਧਿਆਣਾ ਲਈ ਕੀਤੀ ਜਾ ਰਹੀ ਸੀ ਪਰ ਬਾਅਦ ਵਿੱਚ ਸਥਾਨ ਬਦਲਿਆ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਕਿਸੇ ਦਲਿਤ ਆਗੂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਨ ਦੇ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ, “ਕਿਸੇ ਵੀ ਸਮੇਂ ਕਿਸੇ ਵੀ ਵਰਕਰ ਦੀ ਭਾਵਨਾ ਨੂੰ ਪਾਰਟੀ ਦਾ ਪੱਖ ਨਹੀਂ ਕਿਹਾ ਜਾ ਸਕਦਾ। ਅਜਿਹੇ ਮਹੱਤਵਪੂਰਨ ਫ਼ੈਸਲੇ ਅਤੇ ਅੰਤਿਮ ਫ਼ੈਸਲਾ ਪਾਰਟੀ ਦੇ ਪਾਰਲੀਮਾਨੀ ਕਮੇਟੀ ਨੇ ਕਰਨਾ ਹੁੰਦਾ ਹੈ।’’ ਯਾਦ ਰਹੇ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ’ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਸੀ। ਭਾਜਪਾ ਦੇ ਆਗੂ ਪੰਜਾਬ ਵਿੱਚ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੇ ਆਪਣੇ ਕੀਤੇ ਗਏ ਐਲਾਨਾਂ ਨੂੰ ਵਾਰ-ਵਾਰ ਦੁਹਰਾਉਂਦੇ ਵੀ ਰਹੇ ਹਨ ਤੇ ਅੱਜ ਅਸ਼ਵਨੀ ਸ਼ਰਮਾ ਨੇ ਇਸ ਤੋਂ ਬਿਲਕੁਲ ਪਾਸਾ ਵੱਟ ਲਿਆ ਹੈ।
ਕਿਸਾਨਾਂ ਵੱਲੋਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਲੜਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਸ਼ਰਮਾ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਤਾਂ ਸ਼ੁਰੂ ਤੋਂ ਹੀ ਇਹ ਕਹਿੰਦੀ ਆ ਰਹੀ ਸੀ ਕਿ ਕਿਸਾਨ ਮੋਰਚੇ ਦੇ ਪਿੱਛੇ ਕੋਈ ਨਾ ਕੋਈ ਸਿਆਸੀ ਏਜੰਡਾ ਲੁਕਿਆ ਹੋਇਆ ਹੈ।
ਬਿਕਰਮ ਮਜੀਠੀਆ ਵਿਰੁੱਧ ਐੱਫਆਈਆਰ ਦਰਜ ਕਰਨ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਤਾਂ ਪਹਿਲਾਂ ਹੀ ਨਸ਼ਿਆਂ ਵਿਰੁੱਧ ਸੀ ਹੁਣ ਕਿਉਂਕਿ ਮਾਮਲਾ ਅਦਾਲਤਾਂ ਵਿੱਚ ਹੈ, ਇਸ ਲਈ ਉਹ ਕੋਈ ਟਿੱਪਣੀ ਕਰਨਾ ਠੀਕ ਨਹੀਂ ਸਮਝਦੇ।
ਰੈਲੀ ਲਈ ਪੰਜ ਲੱਖ ਦਾ ਇਕੱਠ ਯਕੀਨੀ ਬਣਾਉਣ ਦਾ ਟੀਚਾ
ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸੂਬੇ ਦੇ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਕਰ ਕੇ ਉਨ੍ਹਾਂ ਨੂੰ ਰੈਲੀ ਲਈ ਪੰਜ ਲੱਖ ਦਾ ਇਕੱਠ ਯਕੀਨੀ ਬਣਾਉਣ ਦਾ ਟੀਚਾ ਦਿੱਤਾ ਗਿਆ ਹੈ। ਪਾਰਟੀ ਆਗੂਆਂ ਨੂੰ 3200 ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ, ਇਕੱਲੇ ਜਲੰਧਰ ਤੋਂ 250 ਬੱਸਾਂ ਸ਼ਾਮਲ ਹੋਣਗੀਆਂ।