ਚੰਡੀਗੜ੍ਹ, 25 ਦਸੰਬਰ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਸੂਬਾਈ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਸਾਨਾਂ ਅਤੇ ਭਾਜਪਾ ਵਿਚਾਲੇ ਹੋਈਆਂ ਝੜਪਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਦੋਹਾਂ ਭਾਜਪਾ ਆਗੂਆਂ ਨੇ ਵੱਖੋ-ਵੱਖਰੇ ਬਿਆਨਾਂ ਰਾਹੀਂ ਕਿਹਾ ਕਿ ਕਿਸਾਨਾਂ ਦੇ ਨਾਮ ’ਤੇ ਨਕਸਲੀਆਂ ਨੇ ਕੈਪਟਨ ਸਰਕਾਰ ਦੀ ਸ਼ਹਿ ’ਤੇ ਭਾਜਪਾ ਕਾਰਕੁਨਾਂ ਦੇ ਸਮਾਗਮਾਂ ਵਿੱਚ ਜਬਰਦਸਤੀ ਵੜ ਕੇ ਤੋੜ-ਭੰਨ, ਪੱਥਰਬਾਜ਼ੀ ਕੀਤੀ ਅਤੇ ਜਾਨਲੇਵਾ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਇਸ ਸਾਰੀ ਘਟਨਾ ਦੌਰਾਨ ਕਥਿਤ ਕਿਸਾਨਾਂ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਸੀ। ਇਸੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਵਲੋਂ ਅੱਜ ਕੀਤੇ ਗਏ ਐਲਾਨਾਂ ਤੋਂ ਬਾਅਦ ਕਿਸਾਨਾਂ ਨੂੰ ਆਪਣਾ ਅੰਦੋਲਨ ਹੁਣ ਖ਼ਤਮ ਕਰ ਦੇਣਾ ਚਾਹੀਦਾ ਹੈ।