ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਪਰੈਲ
ਪੰਜਾਬ ਦੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਦੱਸਦਿਆਂ ਆਖਿਆ ਕਿ ਜਦੋਂ ਦੇਸ਼ ਭਰ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਐੱਨਡੀਏ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਤਰਕਹੀਣ ਆਰਥਿਕ ਨੀਤੀਆਂ ਕਾਰਨ ਵਿੱਤੀ ਮੰਦੀ ਵਧ ਰਹੀ ਹੈ ਤਾਂ ਇਸ ਮੁਸ਼ਕਲ ਸਮੇਂ ਆਮ ਆਦਮੀ ਦੀ ਇੱਕੋ-ਇੱਕ ਉਮੀਦ ਰਾਹੁਲ ਗਾਂਧੀ ਹੀ ਹੈ। ਰਾਣਾ ਸੋਢੀ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਕਾਰਪੋਰੇਟ ਪੱਖੀ ਨੀਤੀਆਂ ’ਤੇ ਚੱਲ ਰਹੀ ਹੈ ਪਰ ਦੇਸ਼ ਨੂੰ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੀ ਵਚਨਬੱਧਤਾ ਨਾਲ ਧਰਮ ਨਿਰਪੱਖ ਸਰਕਾਰ ਦੀ ਲੋੜ ਹੈ। ਸਿਹਤ ਦੇ ਬੁਨਿਆਦੀ ਢਾਂਚੇ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਧਾਰਮਿਕ ਸਥਾਨਾਂ ਦੀ ਉਸਾਰੀ ਵਰਗੀਆਂ ਗਲਤ ਨੀਤੀਆਂ ਦੇਸ਼ ਦੇ ਹਿੱਤ ਵਿੱਚ ਨਹੀਂ ਹਨ।
ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਰਾਣਾ ਸੋਢੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਬਿਨਾਂ ਸ਼ੱਕ ਸੂਬੇ ਵਿੱਚ ਸਰਕਾਰ ਬਣਾਏਗੀ। ਨਗਰ ਕੌਂਸਲ ਚੋਣਾਂ ਦੀ ਜਿੱਤ ਦਰਸਾਉਂਦੀ ਹੈ ਕਿ ਸ਼ਹਿਰੀ ਸਮਾਜ ਦਾ ਹਰ ਵਰਗ ਸੂਬਾ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹੈ। ਨਾ ਸਿਰਫ਼ ਸ਼ਹਿਰੀ, ਸਗੋਂ ਪੇਂਡੂ ਖੇਤਰਾਂ ਦੇ ਲੋਕ ਵੀ ਸੂਬਾ ਸਰਕਾਰ ਵੱਲੋਂ ਸਰਬਪੱਖੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਕੀਤੇ ਗਏ ਯਤਨਾਂ ਤੋਂ ਖੁਸ਼ ਹਨ।